ਮਜੀਠਾ ਰੋਡ ਸਥਿਤ ਗੰਡਾਂ ਸਿੰਘ ਦੇ ਕੋਲ ਕੁਝ ਵਿਅਕਤੀਆਂ ਵੱਲੋਂ ਘਰ ਤੇ ਕਬਜਾ ਕਰਨ ਦੀ ਨੀਯਤ ਦੇ ਨਾਲ ਇਕ ਪਰਿਵਾਰ ਦੇ ਮੈਂਬਰਾਂ ਨੂੰ ਗੰਭੀਰ ਜਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ 'ਚ ਜੇਰੇ ਇਲਾਜ ਸ਼ੀਲਾ ਰਾਣੀ ਪਤਨੀ ਦਵਿੰਦਰ ਕੁਮਾਰ ਵਾਸੀ ਮਜੀਠਾ ਰੋਡ ਗੰਡਾ ਸਿੰਘ ਦੇ ਪੱਤਰ ਮਨੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜ ਜਨਵਰੀ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਆ ਕੇ ਪੂਰੇ ਪਰਿਵਾਰ ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਨ੍ਹਾਂ ਦੀ ਮਾਤਾ ਸ਼ੀਲਾ ਰਾਨੀ ਤੇ ਪਿਤਾ ਦਵਿੰਦਰ ਕੁਮਾਰ ਗੰਭੀਰ ਜਖਮੀ ਹੋਏ ਹਨ ਅਤੇ ਮਾਤਾ ਸ਼ੀਲਾ ਰਾਣੀ ਦੇ ਦੋ ਦੰਦ ਵੀ ਟੁੱਟ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਉਨ੍ਹਾਂ ਦੇ ਘਰ ਤੇ ਕਬਜਾ ਕਰਨਾ ਚਾਹੁੰਦੇ ਹਨ ਅਤੇ ਇਸ ਤੋਂ ਪਹਿਲਾਂ ਵੀ ਪੰਜ ਅਕਤੂਬਰ 2018 ਨੂੰ ਉਨ੍ਹਾਂ ਤੇ ਹਮਲਾ ਕੀਤਾ ਗਿਆ ਸੀ, ਜਿਸ ਦੀ ਲਿਖਤੀ ਸ਼ਿਕਾਇਤ ਉਨ੍ਹਾਂ ਨਜਦੀਕ ਚੌਂਕੀ ਵਿਚ ਦਿੱਤੀ ਸੀ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਫੇਰ ਵਿਅਕਤੀਆਂ ਨੇ ਉਨ੍ਹਾਂ ਦੇ ਪਰਿਵਾਰ ਤੇ ਹਮਲਾ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਦੀ ਮਾਤਾ ਤੇ ਪਿਤਾ ਗੰਭੀਰ ਜਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨਜਦੀਕ ਚੌਂਕੀ ਵਿਚ ਲਿੱਖਤੀ ਸ਼ਿਕਾਇਤ ਦਿੱਤੀ ਹੈ, ਪਰ ਅਜੇ ਤੱਕ ਕਿਸੇ ਵੀ ਹਮਲਾਵਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਮਾਨਵ ਅਧਿਕਾਰ ਸੰਘਰਸ਼ ਕਮੇਟੀ (ਰਜਿ) ਇੰਡੀਆਂ ਦੇ ਮੀਤ ਪ੍ਰਧਾਨ ਪੰਜਾਬ ਸੁਜਿੰਦਰ ਬਿਡਲਾਨ, ਵਪਾਰ ਸੈੱਲ ਪ੍ਰਧਾਨ ਬਖਸ਼ਿੰਦਰ ਬਿੱਲਾ, ਹਰੀਸ਼ ਕੁਮਾਰ ਨੇ ਪਰਿਵਾਰ ਦੇ ਜਖਮੀ ਮੈਂਬਰਾਂ ਨੂੰ ਸੰਗਠਨ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਲਗਾਤਾਰ ਸ਼ਹਿਰ ਵਿਚ ਹੋ ਰਹੀ ਗੁੰਡਾਗਰਦੀ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਕੁਮਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲਿਆਂ ਖਿਲਾਫ ਪੁਲਿਸ ਪ੫ਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੫ਸ਼ਾਸਨ ਨੇ ਮਨੀਸ਼ ਕੁਮਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਨਾ ਕੀਤੀ ਤਾਂ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੀ ਪੂਰੀ ਟੀਮ ਪਰਿਵਾਰ ਦੇ ਨਾਲ ਸੜਕ ਜਾਮ ਕਰਨ ਵਿਚ ਮਜਬੂਰ ਹੋਵੇਗੀ, ਜਿਸ ਵਿਚ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗੀ। ਇਸ ਮੌਕੇ ਸੋਰਭ ਸ਼ਰਮਾ, ਜਗਮੀਤ ਸਿੰਘ, ਰੇਖਾ ਦੇਵੀ, ਅਭੇ ਸ਼ੰਕਰ, ਨੀਰਜ ਆਦਿ ਹਾਜਰ ਸਨ।

ਹੋਵੇਗੀ ਸਖ਼ਤ ਕਾਰਵਾਈ : ਏਡੀਸੀਪੀ

ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਏਡੀਸੀਪੀ-2 ਲਖਬੀਰ ਸਿੰਘ ਨਾਲ ਫੋਨ ਰਾਹੀ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਖੁਦ ਉਨ੍ਹਾਂ ਮੌਕੇ ਤੇ ਜਾ ਕੇ ਆਂਢ-ਗੁਆਂਢ ਕੋਲੋਂ ਪੁੱਛ-ਗਿੱਛ ਕੀਤੀ ਹੈ ਤੇ ਜਾਂਚ ਪੂਰੀ ਹੋਣ ਤੇ ਦੋਸ਼ੀ ਪਾਏ ਜਾਣ ਵਾਲੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।