ਸਟਾਫ ਰਿਪੋਰਟਰ, ਅੰਮ੍ਰਿਤਸਰ : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜ ਰਹੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਹਮਲਾ ਬੋਲਿਆ ਹੈ। ਚੱਢਾ ਨੇ ਕਿਹਾ ਕਿ ਬਿਕਰਮ ਮਜੀਠੀਆ, ਜਿਸ ’ਤੇ ਨਸ਼ੇ ਦਾ ਕਾਰੋਬਾਰ ਕਰਨ ਦਾ ਦੋਸ਼ ਹੈ, ਉਹ ਲੋਕਾਂ ਦੀ ਕੀ ਸੇਵਾ ਕਰੇਗਾ।

ਦੂਜੇ ਪਾਸੇ ਨਵਜੋਤ ਸਿੱਧੂ ਪਿਛਲੇ 15 ਸਾਲਾਂ ਤੋਂ ਕਦੇ ਐੱਮਪੀ ਤੇ ਕਦੇ ਵਿਧਾਇਕ ਵਜੋਂ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ, ਪਰ ਪਿਛਲੇ 15 ਸਾਲਾਂ ’ਚ ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਦਾ ਫੋਨ ਵੀ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕਾਂ ਨੂੰ ਲੋੜ ਪਈ ਤਾਂ ਨਾ ਤਾਂ ਨਵਜੋਤ ਸਿੰਘ ਸਿੱਧੂ ਤੇ ਨਾ ਹੀ ਬਿਕਰਮ ਸਿੰਘ ਮਜੀਠੀਆ ਅੱਗੇ ਆਏ। ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਹੀ ਹਮੇਸ਼ਾ ਲੋਕਾਂ ਦੇ ਕੰਮ ਆਈ, ਕਿਉਂਕਿ ਜੀਵਨਜੋਤ ਕੌਰ ਆਮ ਪਰਿਵਾਰ ਵਿੱਚੋਂ ਹਨ। ਇਸ ਲਈ ਉਹ ਆਮ ਆਦਮੀ ਦੇ ਦੁੱਖ-ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਹੈ।

ਸ਼ੁੱਕਰਵਾਰ ਨੂੰ ਅੰਮ੍ਰਿਤਸਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰਵਾਇਤੀ ਪਾਰਟੀਆਂ ਤੇ ਸਿਆਸਤਦਾਨਾਂ ਦੇ ਚੱਕਰਾਂ ’ਚ ਨਾ ਪੈਣਾ। ਸਿਰਫ਼ ਅਜਿਹੇ ਵਿਅਕਤੀ ਤੇ ਸ਼ਖ਼ਸੀਅਤ ਨੂੰ ਇਸ ਵਾਰ ਵਿਧਾਨ ਸਭਾ ਵਿਚ ਚੁਣ ਕੇ ਭੇਜਣ, ਜੋ ਆਉਣ ਵਾਲੇ 5 ਸਾਲਾਂ ਲਈ ਤੁਹਾਡਾ ਫੋਨ ਚੁੱਕੇ ਤੇ ਲੋੜ ਪੈਣ ’ਤੇ ਤੁਹਾਡੇ ਸਾਹਮਣੇ ਹਾਜ਼ਰ ਹੋਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਕ ਆਮ ਘਰ ਦੀ ਧੀ ਅਤੇ ਅੰਮ੍ਰਿਤਸਰ ਦੀ ਨੂੰਹ ਨੂੰ ਅੰਮ੍ਰਿਤਸਰ ਪੂਰਬੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਜੀਵਨਜੋਤ ਕੌਰ ਤੇ ਰਾਘਵ ਚੱਢਾ ਨੇ ਨਵਜੋਤ ਸਿੱਧੂ ’ਤੇ ਹਮਲਾ ਬੋਲਦਿਆਂ ਕਿਹਾ ਕਿ ਸਿੱਧੂ ਨੇ ਆਪਣੀ ਮਾਂ ਨਾਲ ਵੀ ਮਾੜਾ ਸਲੂਕ ਕੀਤਾ ਹੈ।

ਜਿਹੜਾ ਵਿਅਕਤੀ ਆਪਣੀ ਮਾਂ ਦਾ ਖ਼ਿਆਲ ਨਹੀਂ ਰੱਖ ਸਕਦਾ ਉਹ ਜਨਤਾ ਦੀ ਕੀ ਖਿਆਲ ਰੱਖੇਗਾ? ਉਨ੍ਹਾਂ ਕਿਹਾ ਕਿ ਹੁਣ ਫ਼ੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਰਾਹੁਲ ਗਾਂਧੀ ਦੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਦੋ ਹੀ ਚਿਹਰੇ ਹਨ। ਇਕ ਸਵਾਲ ਦੇ ਜਵਾਬ ’ਚ ਉਹਨਾਂ ਕਿਹਾ ਕਿ ਭਾਜਪਾ ਅਤੇ ਕੈਪਟਨ ਸਾਹਬ ਦੇ ਗਠਜੋੜ ਦਾ ਪੰਜਾਬ ਵਿਚ ਕੋਈ ਸਿਆਸੀ ਵਜੂਦ ਨਹੀਂ ਹੈ, ਉਹਨਾਂ ਦੀ ਪਾਰਟੀ ਦਾ ਦੂਰ-ਦੂਰ ਤਕ ਕੋਈ ਨਾਮੋ ਨਿਸ਼ਾਨ ਨਹੀਂ ਹੈ, ਇਸ ਵਾਰ ਆਮ ਆਦਮੀ ਪਾਰਟੀ ਦੀ ਹੀ ਸਿੱਧੀ ਟੱਕਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਕੈਪਟਨ ਦੇ ਗਠਜੋੜ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ, ਇੱਥੋਂ ਤਕ ਕਿ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਸੀਟ ਨਹੀਂ ਜਿੱਤ ਸਕਣਗੇ।

Posted By: Jagjit Singh