ਜੇਐੱਨਐੱਨ, ਅੰਮ੍ਰਿਤਸਰ : ਥਾਣਾ ਮੋਹਕਮਪੁਰਾ ਦੇ ਅਧੀਨ ਆਉਂਦੇ ਇਲਾਕਾ ਮੋਹਕਮਪੁਰਾ ਸੰਧੂ ਕਾਲੋਨੀ ਵਿਚ ਪੁਲਿਸ ਨੇ ਇਕ ਵਿਆਹ ਨੂੰ ਰੁਕਵਾ ਦਿੱਤਾ। ਇਹ ਵਿਆਹ ਇਕ ਨਾਬਾਲਗ ਕੁੜੀ ਦੇ ਨਾਲ ਕੀਤਾ ਜਾ ਰਿਹਾ ਸੀ। ਕੁੜੀ ਦੀ ਉਮਰ 16 ਸਾਲ ਸੀ, ਜਦੋਂ ਕਿ ਮੁੰਡੇ ਦੀ ਉਮਰ 18 ਸਾਲ। ਇਕ ਸਮਾਜ ਸੇਵੀ ਸੰਸਥਾ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਿਸ ਦੇ ਬਾਅਦ ਪੁਲਿਸ ਵਿਆਹ ਵਾਲੇ ਘਰ ਵਿਚ ਪਹੁੰਚੀ।

ਪਹਿਲਾਂ ਤਾਂ ਮੁੰਡੇ ਅਤੇ ਕੁੜੀ ਨੂੰ ਦੂਜੇ ਘਰ ਵਿਚ ਲੁਕਾ ਦਿੱਤਾ ਗਿਆ, ਲੇਕਿਨ ਬਾਅਦ ਵਿਚ ਪੁਲਿਸ ਨੇ ਦੋਵਾਂ ਨੂੰ ਉੱਥੋਂ ਲੱਭ ਲਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਥੋੜ੍ਹੀ ਦੇਰ ਬਾਅਦ ਮੁੰਡੇ ਨੂੰ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਕਿ ਕੁੜੀ ਨੂੰ ਚਾਈਲਡ ਹੋਮ ਵਿਚ ਭੇਜਿਆ ਗਿਆ ਹੈ। ਨਾਬਾਲਗ ਲੜਕੀ ਨੂੰ ਹੁਣ ਸ਼ੁੱਕਰਵਾਰ ਨੂੰ ਬਾਲ ਵਿਭਾਗ ਕਮੇਟੀ ਦੇ ਕੋਲ ਪੇਸ਼ ਕੀਤਾ ਜਾਵੇਗਾ। ਕਮੇਟੀ ਦੇ ਅਗਲੇ ਫੈਸਲੇ ਦੇ ਬਾਅਦ ਹੀ ਪੁਲਿਸ ਅਗਲੀ ਕਾਰਵਾਈ ਕਰ ਸਕੇਗੀ।

ਜਾਣਕਾਰੀ ਅਨੁਸਾਰ, ਮੋਹਕਮਪੁਰਾ ਸੰਧੂ ਕਾਲੋਨੀ ਵਿਚ ਇਕ 16 ਸਾਲ ਦੀ ਕੁੜੀ ਦਾ ਵਿਆਹ 18 ਸਾਲ ਦਾ ਮੁੰਡੇ ਅਨਮੋਲ ਦੇ ਨਾਲ ਕੀਤਾ ਜਾ ਰਿਹਾ ਸੀ। ਇਸ ਦੇ ਲਈ ਘਰ ਵਿਚ ਹੀ ਪ੍ਰੋਗਰਾਮ ਰੱਖਿਆ ਗਿਆ ਸੀ। ਮੁੰਡੇ ਅਤੇ ਕੁੜੀ ਵਾਲਿਆਂ ਦੇ ਰਿਸ਼ਤੇਦਾਰ ਵੀ ਪੁੱਜੇ ਸਨ। ਘਰ ਵਿਚ ਸਾਰੀਆਂ ਰਸਮਾਂ ਪੂਰੀਆਂ ਕਰਨ ਦੇ ਬਾਅਦ ਜਦੋਂ ਦੋਵਾਂ ਨੂੰ ਗੁਰਦੁਆਰਾ ਸਾਹਿਬ ਵਿਚ ਲੈ ਜਾਇਆ ਗਿਆ ਤਾਂ ਉੱਥੇ ਗੁਰਦੁਆਰਾ ਕਮੇਟੀ ਨੇ ਇਸ ਵਿਆਹ ਨੂੰ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ, ਕਿਉਂਕਿ ਕੁੜੀ ਨਬਾਲਗ ਸੀ। ਇਸ ਦੇ ਬਾਅਦ ਕਿਸੇ ਸਮਾਜ ਸੇਵੀ ਸੰਸਥਾ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਥਾਣਾ ਮੋਹਕਮਪੁਰਾ ਦੇ ਅਧਿਕਾਰੀ ਸੁਲਖਨ ਸਿੰਘ ਪੁਲਿਸ ਬਲ ਦੇ ਨਾਲ ਉੱਥੇ ਪੁੱਜੇ। ਪੁਲਿਸ ਅਧਿਕਾਰੀ ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਲੜਕੀ ਦੀ ਉਮਰ 16 ਸਾਲ ਹੈ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਕੁੜੀ ਨੂੰ ਬੁੱਧਵਾਰ ਨੂੰ ਹੀ ਮੁੰਡੇ ਦੇ ਨਾਲ ਭੇਜ ਦਿੱਤਾ ਸੀ। ਮੁੰਡਾ ਸੰਧੂ ਕਾਲੋਨੀ ਵਿਚ ਕਿਰਾਏ ’ਤੇ ਰਹਿ ਰਿਹਾ ਸੀ ਅਤੇ ਉਹ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਕੁੜੀ ਦੇ ਬਾਲ ਵਿਭਾਗ ਕਮੇਟੀ ਕੋਲ ਪੇਸ਼ ਕੀਤਾ ਜਾਵੇਗਾ, ਜਿਸ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਸਕੇਗੀ।

Posted By: Jagjit Singh