ਸਟਾਫ ਰਿਪੋਰਟਰ, ਤਰਨਤਾਰਨ : ਨਸ਼ਾ ਸਮੱਗਲਰਾਂ ਨੂੰ ਆਰਥਿਕ ਤੌਰ 'ਤੇ ਸੱਟ ਮਾਰਨ ਦੇ ਯਤਨ ਵਿਚ ਲੱਗੀ ਤਰਨਤਾਰਨ ਪੁਲਿਸ ਨੇ ਸ਼ਨਿੱਚਰਵਾਰ ਨੂੰ ਇਕ ਹੋਰ ਤਸਕਰ ਦੀ 66 ਲੱਖ ਜੀ ਜਾਇਦਾਦ ਜਬਤ ਕਰਨ ਦਾ ਦਾਅਵਾ ਕੀਤਾ ਹੈ। ਜਿਸਦੇ ਤਹਿਤ ਰਿਹਾਇਸ਼ੀ ਘਰ ਤੇ ਵਾਹੀਯੋਗ ਜ਼ਮੀਨ ਸ਼ਾਮਲ ਹੈ। ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਕੰਵਲਜੀਤ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਭੂਰਾ ਕਰੀਮਪੁਰਾ ਜਿਸਦੇ ਖ਼ਿਲਾਫ਼ ਥਾਣਾ ਖੇਮਕਰਨ 'ਚ 30 ਅਗਸਤ 2019 ਨੂੰ ਇਕ ਕਿੱਲੋ ਹੈਰੋਇਨ ਦੀ ਬਰਾਮਦਗੀ ਸਬੰਧੀ ਐੱਨਡੀਪੀਐੱਸ ਐਕਟ ਦੀ ਧਾਰਾ 21, 29, 61, 85 ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀ, ਦੀ 21 ਕਨਾਲ 18 ਮਰਲੇ ਵਾਹੀ ਵਾਲੀ ਜ਼ਮੀਨ ਅਤੇ ਇਕ ਘਰ ਅਟੈੱਚ ਕੀਤਾ ਗਿਆ ਹੈ। ਇਸ ਜਾਇਦਾਦ ਦੀ ਕੀਮਤ 66 ਲੱਖ ਰੁਪਏ ਆਂਕੀ ਗਈ ਹੈ।

ਇਸ ਕਾਰਵਾਈ ਦੇ ਨਾਲ ਹੁਣ ਤਕ 29 ਤਸਕਰਾਂ ਦੀ 21 ਕਰੋੜ, 87 ਲੱਖ 48 ਹਜ਼ਾਰ 235 ਰੁਪਏ ਦੀ ਜਾਇਦਦ ਨੂੰ ਜਬਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਮੁਕੱਦਮਿਆਂ ਦੇ ਬਾਵਜੂਦ ਮੁੜ ਨਸ਼ਾ ਤਸਕਰੀ ਵਿਚ ਲੱਗ ਜਾਂਦੇ ਹਨ। ਜਿਸਦੇ ਲਈ ਇਹ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਹ ਮੁਹਿੰਮ ਐੱਸਪੀ ਪੜਤਾਲ ਜਗਜੀਤ ਸਿੰਘ ਵਾਲੀਆ ਦੀ ਨਿਗਰਾਨੀ ਹੇਠ ਲਗਾਤਾਰ ਜਾਰੀ ਰਹੇਗੀ।