ਸੂਬਾ ਪੱਧਰੀ ਖੇਡ ਮੁਕਾਬਲੇ ਲਈ ਖਿਡਾਰੀਆਂ ਨੇ ਖਿੱਚੀ ਤਿਆਰੀ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਈਕਲਿੰਗ ਵੈਲੋਡਰੰਮ ਵਿਖੇ 17 ਤੋਂ 19 ਨਵੰਬਰ ਤੱਕ ਮਹਿਲਾ-ਪੁਰਸ਼ਾਂ ਦੇ ਹੋਣ ਵਾਲੇ ਸੂਬਾ ਪੱਧਰੀ ਸਾਈਕਲਿੰਗ ਖੇਡ ਮੁਕਾਬਲਿਆਂ ਦੌਰਾਨ ਗੁਰੂ ਨਗਰੀ ਦੇ ਖਿਡਾਰੀ
Publish Date: Wed, 12 Nov 2025 04:24 PM (IST)
Updated Date: Wed, 12 Nov 2025 04:28 PM (IST)

ਮੈਡਲ ਹਾਸਲ ਕਰਨ ਵਾਲੇ ਖਿਡਾਰੀਆਂ ਲਈ ਕਰਾਂਗੇ ਸਹੂਲਤਾਂ ਦਾ ਪ੍ਰਬੰਧ : ਭੋਮਾ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਈਕਲਿੰਗ ਵੈਲੋਡਰੰਮ ਵਿਖੇ 17 ਤੋਂ 19 ਨਵੰਬਰ ਤੱਕ ਮਹਿਲਾ-ਪੁਰਸ਼ਾਂ ਦੇ ਹੋਣ ਵਾਲੇ ਸੂਬਾ ਪੱਧਰੀ ਸਾਈਕਲਿੰਗ ਖੇਡ ਮੁਕਾਬਲਿਆਂ ਦੌਰਾਨ ਗੁਰੂ ਨਗਰੀ ਦੇ ਖਿਡਾਰੀ ਉਤਸ਼ਾਹਪੂਰਵਕ ਹਿੱਸਾ ਲੈਣਗੇ। ਇਹ ਸਮੁੱਚੇ ਖਿਡਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਈਕਲਿੰਗ ਵੈਲੋਡਰੰਮ ਵਿਖੇ ਟੈ੍ਰਕ ਅਤੇ ਰੋਡ ਈਵੈਂਟਾ ਦਾ ਸਵੇਰੇ-ਸ਼ਾਮ ਕੋਚ ਭੁਪਿੰਦਰ ਸਿੰਘ ਦੀ ਨਿਗਰਾਨੀ ਤੇ ਦਿਸ਼ਾਂ-ਨਿਰਦੇਸ਼ਾਂ ਹੇਠ ਅਭਿਆਸ ਕਰ ਰਹੇ ਹਨ। ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਮੂਲੀਅਤ ਕਰਨ ਵਾਲੇ ਇੰਨ੍ਹਾਂ ਖਿਡਾਰੀਆਂ ਦੇ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕਰਨ ਪਹੁੰਚੇ ਕੌਮਾਂਤਰੀ ਸਾਈਕਲਿਸਟ ਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਾਵਾ ਸਿੰਘ ਭੋਮਾ ਸੰਧੂ ਸੀਆਈਟੀ ਰੇਲਵੇ (ਰਿਟਾ.) ਨੇ ਸਮੁੱਚੇ ਖਿਡਾਰੀਆਂ ਦੀ ਕਾਰਜਸ਼ੈਲੀ ਤੇ ਸੰਤੁਸ਼ਟੀ ਅਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਿਹੜੇ ਖਿਡਾਰੀ ਨਿਰੰਤਰ ਅਭਿਆਸ ਕਰਦੇ ਹਨ ਉਹ ਜ਼ਰੂਰ ਕਿਸੇ ਨਾ ਕਿਸੇ ਮੁਕਾਮ ’ਤੇ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਮੈਡਲ ਹਾਸਲ ਕਰਨ ਵਾਲਾ ਖਿਡਾਰੀ ਬਾਕੀਆਂ ਨਾਲੋਂ ਵੱਖਰਾ ਤੇ ਵਿਰਲਾ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖਿਡਾਰੀ ਜਿਸਮਾਨੀ ਤੇ ਮਾਨਸਿਕ ਤੌਰ ਤੇ ਵੀ ਅਲੱਗ, ਨਿਰੋਗੀ ਤੇ ਸਿਹਤਮੰਦ ਨਜ਼ਰ ਆਉਂਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਕਦੇ ਵੀ ਕਿਸੇ ਵੀ ਕਿਸਮ ਦਾ ਨਸ਼ਾ ਨਾ ਕਰਨ ਦੀ ਸਹੁੰ ਚੁਕਵਾਉਂਦੇ ਤੇ ਵਚਨਬੱਧਤਾ ਕਿਹਾ ਕਿ ਸਾਈਕਲਿੰਗ ਖਿਡਾਰੀ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਵਿਚ ਵੀ ਆਪਣਾ ਯੋਗਦਾਨ ਪਾਉਣ ਲਈ ਯਤਨਸ਼ੀਲ ਤੇ ਵਚਨਬੱਧ ਹਨ। ਉਨ੍ਹਾਂ ਕਿਹਾ ਹੁਣ ਸੂਬੇ ਦੀਆਂ ਸਮੁੱਚੀਆਂ ਸਰਕਾਰੀ ਤੇ ਗੈਰ ਸਰਕਾਰੀ ਖੇਡ ਸੰਸਥਾਵਾਂ ਨੂੰ ਖੇਡ ਪ੍ਰਤੀਯੋਗਤਾਵਾਂ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਮੁਹਿੰਮ ਦੇ ਵਿਚ ਵੀ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾ ਸਰਕਾਰ ਦੇ ਕੋਲ ਖਿਡਾਰੀਆਂ ਦੀਆਂ ਮੰਗਾਂ ਉਠਾਉਣ ਦੀ ਗੱਲ ਵੀ ਆਖੀ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੌਮਾਂਤਰੀ ਸਾਈਕਲਿਸਟ ਤੇ ਸਾਈਕਲਿੰਗ ਕੋਚ ਰਾਜੇਸ਼ ਕੌਸ਼ਿਕ ਨੇ ਕਿਹਾ ਕਿ ਹਰੇਕ ਉਮਰ ਦੇ ਸਾਈਕਲਿੰਗ ਖਿਡਾਰੀਆਂ ਨੂੰ ਜੀਐਨਡੀਯੂ ਪ੍ਰਬੰਧਨ ਹਰ ਪ੍ਰਕਾਰ ਦੀ ਸੰਭਵ ਸਹਾਇਤਾ ਤੇ ਸਹਿਯੋਗ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੀਐਨਡੀਯੂ ਦੇ ਸਾਈਕਲਿੰਗ ਵੈਲੋਡਰੰਮ ਨੇ ਕਈ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਚੰਗੇ ਖਿਡਾਰੀਆਂ ਲਈ ਜੀਐਨਡੀਯੂ ਦੇ ਖੇਡ ਵਿਭਾਗ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ। ਇਸ ਮੌਕੇ ਸਮੁੱਚੇ ਖਿਡਾਰੀਆਂ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਛੇੜਣ ਤੇ ਆਪਣਾ ਯੋਗਦਾਨ ਪਾਉਣ ਦਾ ਅਹਿਦ ਲੈਣ ਦੇ ਨਾਲ-ਨਾਲ ਰਾਜ ਪੱਧਰੀ ਸਾਈਕਲਿੰਗ ਖੇਡ ਮੁਕਾਬਲਿਆਂ ਦੇ ਵਿੱਚ ਵੀ ਪ੍ਰਾਪਤੀਆਂ ਕਰਕੇ ਕੌਮੀ ਪੱਧਰ ਤੇ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾਉਣ ਦਾ ਭਰੋਸਾ ਦਿੱਤਾ। ਕੈਪਸ਼ਨ: ਰਾਜ ਪੱਧਰੀ ਸਾਈਕਲਿੰਗ ਖੇਡ ਮੁਕਾਬਲਿਆਂ ਦੀ ਤਿਆਰੀ ਕਰ ਰਹੇ ਖਿਡਾਰੀਆਂ ਦੇ ਨਾਲ ਸਕੱਤਰ ਬਾਵਾ ਸਿੰਘ ਸੰਧੂ ਭੋਮਾ, ਕੋਚ ਰਾਜੇਸ਼ ਕੌਸ਼ਿਕ, ਕੋਚ ਭੁਪਿੰਦਰ ਸਿੰਘ ਤੇ ਹੋਰ।