ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਭਾਰਤ-ਪਾਕਿਸਤਾਨ ਵਿਚਕਾਰ ਡੇਰਾ ਬਾਬਾ ਨਾਨਕ ਵਿਖੇ ਇਕ ਕੋਰੀਡੋਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਕੋਰੀਡੋਰ ਰਾਹੀਂ ਸੰਗਤ 8 ਨਵੰਬਰ ਤੋਂ ਦਰਸ਼ਨਾਂ ਲਈ ਜਾ ਸਕਦੀ ਹੈ। ਦਰਸ਼ਨਾਂ ਲਈ ਜਾਣ ਲਈ ਸੰਗਤ ਨੂੰ ਪਾਕਿਸਤਾਨ ਵੱਲੋਂ ਬਣਾਈ ਗਈ ਵੈੱਬਸਾਈਟ ਰਾਹੀਂ ਰਜਿਸਟ੍ਰੇਸ਼ਨ ਕਰਾ ਕੇ ਤੇ ਵੀਜ਼ਾ ਫੀਸ ਭਰ ਕੇ ਜਾਣਾ ਪਵੇਗਾ।

ਪਾਕਿਸਤਾਨ ਵੈੱਬਸਾਈਟ ਰਾਹੀਂ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਅੱਜ ਕਰ ਰਿਹਾ ਹੈ। ਸੰਗਤ ਲਗਾਤਾਰ ਰਜਿਸਟ੍ਰੇਸ਼ਨ ਕਰਾਉਣ ਲਈ ਇੰਟਰਨੈੱਟ 'ਤੇ ਆਪਣੇ ਕੰਪਿਊਟਰਾਂ ਰਾਹੀਂ ਜੁੜੀ ਹੋਈ ਹੈ। ਖ਼ਬਰ ਲਿਖਣ ਤਕ ਪਾਕਿਸਤਾਨ ਵੱਲੋਂ ਭਾਵੇਂ ਰਜਿਸਟ੍ਰੇਸ਼ਨ ਵੈੱਬਸਾਈਟ ਸ਼ੁਰੂ ਨਹੀਂ ਕੀਤੀ ਗਈ, ਪਰ ਫਿਰ ਵੀ ਲਗਾਤਾਰ ਖ਼ਬਰਾਂ ਇਹ ਆ ਰਹੀਆਂ ਹਨ ਕਿ ਸੰਗਤ ਯਤਨ ਕਰ ਰਹੀ ਹੈ। ਪਾਕਿਸਤਾਨ ਨੇ ਸ਼ੁਰੂਆਤੀ ਤੌਰ 'ਤੇ ਰਜਿਸਟ੍ਰੇਸ਼ਨ ਲਈ 20 ਅਮਰੀਕੀ ਡਾਲਰ ਫੀਸ ਰੱਖੀ ਹੈ, ਜੋ ਕਿ ਤਕਰੀਬਨ ਭਾਰਤੀ ਕਰੰਸੀ ਅਨੁਸਾਰ 1500 ਰੁਪਏ ਬਣਦੇ ਹਨ। ਇਕ ਦਿਨ ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੰਜ ਹਜ਼ਾਰ ਸਿੱਖ ਸ਼ਰਧਾਲੂ ਜਾ ਸਕਣਗੇ, ਗੁਰਪੁਰਬ ਦੇ ਮੌਕੇ 'ਤੇ ਸ਼ਰਧਾਲੂਆਂ ਦੀ ਗਿਣਤੀ ਦਸ ਹਜ਼ਾਰ ਤਕ ਕੀਤੀ ਜਾ ਸਕਦੀ ਹੈ।

ਕੋਰੀਡੋਰ ਦਾ ਉਦਘਾਟਨ 8 ਨਵੰਬਰ ਨੂੰ ਰੱਖਿਆ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਵਿਖੇ ਕੋਰੀਡੋਰ ਦਾ ਉਦਘਾਟਨ ਕਰਨਗੇ। ਲੰਮੇ ਸਮੇਂ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਖੁੱਲ੍ਹੇ ਲਾਂਘੇ ਲਈ ਸੰਗਤ ਅਰਦਾਸ ਕਰਦੀ ਆ ਰਹੀ ਹੈ ਜੋ 8 ਨਵੰਬਰ ਨੂੰ ਪੂਰੀ ਹੋਣ ਜਾ ਰਹੀ ਹੈ। ਇਹ ਖੁੱਲ੍ਹਾ ਲਾਂਘਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਰਜਿਸਟ੍ਰੇਸ਼ਨ ਕਰਾਉਣ ਲਈ ਪਾਸਪੋਰਟ ਹੋਣਾ ਲਾਜ਼ਮੀ ਹੈ ਅਤੇ ਪਾਸਪੋਰਟ ਰਾਹੀਂ ਹੀ ਯਾਤਰਾ ਦਾ ਪਰਮਿਟ ਮਿਲੇਗਾ। ਪੰਜ ਹਜ਼ਾਰ ਯਾਤਰੀਆਂ ਨੂੰ ਹੀ ਇਕ ਦਿਨ ਦਾ ਵੀਜ਼ਾ ਪਰਮਿਟ ਮੁਹੱਈਆ ਕਰਾਇਆ ਜਾਵੇਗਾ, ਜਿਸ ਦੀ ਪਾਸਪੋਰਟ ਉੱਤੇ ਕੋਈ ਵੀ ਸਟੈਂਪ ਨਹੀਂ ਲੱਗੇਗੀ।

Posted By: Seema Anand