ਰਾਜਿੰਦਰ ਸਿੰਘ ਰੂਬੀ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰਵਾਰ ਘੰਟਾ ਘਰ ਗੇਟ ਨੇੜੇ ਪਲਾਜ਼ਾ ਤੋਂ ਵੀਰਵਾਰ ਸ਼ਾਮ ਮ੍ਰਿਤਕ ਸੁੰਦਰ ਬੱਚੀ ਦੀ ਲਾਸ਼ ਮਿਲਣ ਨਾਲ ਸੰਗਤ 'ਚ ਸਹਿਮ ਪਾਇਆ ਜਾ ਰਿਹਾ ਹੈ, ਉੱਥੇ ਹੀ ਹੁਣ ਮ੍ਰਿਤਕ ਬੱਚੀ ਨੂੰ ਉੱਥੇ ਰੱਖਣ ਵਾਲੀ ਔਰਤ ਦੀਆਂ ਤਸਵੀਰਾਂ ਜਾਰੀ ਹੋ ਗਈਆਂ ਹਨ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਸ਼ਾਮ ਘੰਟਾ ਘਰ ਗੇਟ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੱਥ ਧੋਣ ਵਾਲੀਆਂ ਟੂਟੀਆਂ ਵਾਲੇ ਪਾਸੇ ਛੇ ਤੋਂ ਸੱਤ ਸਾਲ ਦੀ ਸੁੰਦਰ ਬੱਚੀ ਮਿਲੀ ਸੀ ਜਿਸ ਦੇ ਸਰੀਰ 'ਤੇ ਨੀਲੇ ਧੱਬੇ ਪਏ ਹੋਏ ਸਨ। ਇਸ ਬੱਚੀ ਦੇ ਮਿਲਣ ਉਪਰੰਤ ਸਥਾਨਕ ਪੁਲਿਸ ਚੌਕੀ ਵੱਲੋਂ ਬੱਚੀ ਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ ਸੀ।

ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖੀ ਗਈ ਹੈ। ਲਾਸ਼ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਿਆਉਣ ਵਾਲੀ ਔਰਤ ਦੀਆਂ ਤਸਵੀਰਾਂ ਮਿਲਣ ਨਾਲ ਸਾਫ ਜ਼ਾਹਿਰ ਹੋ ਗਿਆ ਹੈ ਕਿ ਬੱਚੀ ਨੂੰ ਮ੍ਰਿਤਕ ਹਾਲਤ 'ਚ ਤਸਵੀਰਾਂ ਵਾਲੀ ਔਰਤ ਹੀ ਛੱਡ ਕੇ ਗਈ ਹੈ। ਸੀਸੀਟੀਵੀ ਸ੍ਰੀ ਦਰਬਾਰ ਸਾਹਿਬ ਵਿਭਾਗ ਸ਼੍ਰੋਮਣੀ ਕਮੇਟੀ ਤੇ ਪੁਲਿਸ ਚੌਕੀ ਗਲਿਆਰਾ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਵਿਚ ਇਕ ਔਰਤ ਬੱਚੀ ਨੂੰ ਫੜੀ ਜਾ ਰਹੀ ਹੈ ਤੇ ਉਸ ਨਾਲ ਇਕ ਛੋਟਾ ਲੜਕਾ ਵੀ ਹੈ ਜਿਸ ਦੇ ਹੱਥ ਵਿੱਚ ਇਕ ਹੈਂਡਬੈਗ ਤੇ ਟਰਾਲੀ ਬੈਗ ਹੈ।

Posted By: Seema Anand