ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮਿ੍ਤਸਰ ਦੀ ਦਵਾਈਆਂ ਬਣਾਉਣ ਵਾਲੀ ਨਿੱਜੀ ਕੰਪਨੀ ਸੰਯੁਕਤ ਰਾਜ ਨੂੰ ਡਰੱਗ ਰੈਮਡੇਸਿਵਿਰ ਦੀ ਸਪਲਾਈ ਕਰ ਸਕਦੀ ਹੈ ਤਾਂ ਸਥਾਨਕ ਬਾਜ਼ਾਰ ਨੂੰ ਸਪਲਾਈ ਕਿਉਂ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਸਿਹਤ ਸੰਕਟਕਾਲ ਤੇ ਯੁੱਧ ਵਰਗੀ ਸਥਿਤੀ ਵਿਚ ਪੇਟੈਂਟ ਵੀ ਇਸ ਦਾ ਕਾਰਨ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀ ਇਸ ਸਬੰਧ 'ਚ ਦੋਹਰੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੋਵਿਡ-19 ਦੇ ਸੰਕਟ ਦੌਰਾਨ ਮਰੀਜ਼ਾਂ ਨੂੰ ਰੈਮਡੇਸਿਵਿਰ, ਐਂਟੀਵਾਇਰਲ ਡਰੱਗ ਘੱਟ ਮਾਤਰਾ ਵਿਚ ਉਪਲੱਬਧ ਹੋ ਰਹੀ ਹੈ।

ਕਰਨੈਲ ਸਿੰਘ ਪੀਰ ਮੁਹੰਮਦ ਨੇ ਅੰਮਿ੍ਤਸਰ ਦੀ ਨਿੱਜੀ ਕੰਪਨੀ ਕੁਆਲਿਟੀ ਫਾਰਮਾਸਿਊਟੀਕਲ ਵੱਲੋਂ ਕੀਤੇ ਖ਼ੁਲਾਸੇ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਖ਼ਾਸਕਰ ਸਿਹਤ ਮੰਤਰਾਲੇ ਕੋਲੋਂ ਮੰਗ ਕੀਤੀ ਕਿ ਇਸ ਐਮਰਜੈਂਸੀ ਵਿਚ ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਨੂੰ ਹੋਰਨਾਂ ਮੁਲਕਾਂ ਨੂੰ ਦਵਾਈਆਂ ਸਪਲਾਈ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ ਹੈ ਜਦੋਂ ਕਿ ਹਜ਼ਾਰਾਂ ਮਰੀਜ਼ ਆਪਣੇ ਦੇਸ਼ 'ਚ ਹੀ ਕੋਵਿਡ-19 ਦੇ ਇਲਾਜ ਲਈ ਇਸ ਦਵਾਈ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਕਵਾਲਿਟੀ ਫਾਰਮਾਸਿਊਟੀਕਲ ਨੇ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਸੰਗਠਨ (ਸੀਡੀਸੀਓ) ਤੋਂ ਹੁਣ ਪੇਟੈਂਟ ਨਿਯਮਾਂ ਤੋਂ ਅਸਥਾਈ ਛੋਟ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਕੰਪਨੀ ਕਹਿੰਦੀ ਹੈ ਕਿ ਉਸ ਕੋਲ ਪ੍ਰਤੀ ਦਿਨ 50000 ਖੁਰਾਕਾਂ ਪੈਦਾ ਕਰਨ ਦੀ ਸਮਰੱਥਾ ਹੈ ਪਰ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਆਪਣੇ ਲੋਕ ਇਸ ਦਵਾਈ ਦੀ ਸਪਲਾਈ ਨਾ ਮਿਲਣ ਕਾਰਨ ਦਮ ਤੋੜ ਰਹੇ ਹਨ। ਕੇਂਦਰ ਸਰਕਾਰ ਨੇ ਕੁਝ ਕੰਪਨੀਆਂ ਨੂੰ ਅਮਰੀਕਾ ਤੇ ਕੁੱਝ ਹੋਰ ਦੇਸ਼ਾਂ ਨੂੰ ਇਹ ਦਵਾਈ ਨਿਰਯਾਤ ਕਰਨ ਦੀ ਆਗਿਆ ਦਿੱਤੀ ਹੈ ਕਿਉਂਕਿ ਉਕਤ ਕੰਪਨੀਆਂ ਅਮਰੀਕੀ ਕੰਪਨੀਆਂ ਤੋਂ ਕੱਚੇ ਮਾਲ ਦੀ ਖ਼ਰੀਦਦਾਰੀ ਕਰਦੀਆਂ ਹਨ ਤੇ ਪੇਟੈਂਟ ਕਾਰਨ ਇਹ ਕੰਪਨੀਆਂ ਸਥਾਨਕ ਤੌਰ 'ਤੇ ਦਵਾਈਆਂ ਵੇਚ ਨਹੀਂ ਸਕਦੀਆਂ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਕੰਪਨੀਆਂ ਨੂੰ ਸਥਾਨਕ ਤੌਰ 'ਤੇ ਇਹ ਦਵਾਈ ਸਪਲਾਈ ਕਰਨ ਦੀ ਆਗਿਆ ਦੇਵੇ।

ਮੁਹੰਮਦ ਨੇ ਕੇਂਦਰ ਸਰਕਾਰ ਕੋਲੋਂ ਪੁੱਛਿਆ ਕਿ ਕਵਾਲਿਟੀ ਫਰਮਾਸੂਟਿਕਲ ਕੰਪਨੀ ਇਹ ਵੀ ਦਾਅਵਾ ਕਰਦੀ ਹੈ ਕਿ ਉਹ ਸਿਰਫ਼ 1400/- ਰੁਪਏ ਪ੍ਰਤੀ ਖੁਰਾਕ ਲਈ ਦਵਾਈ ਮੁਹੱਈਆ ਕਰਵਾ ਸਕਦੀ ਹੈ ਤਾਂ ਫਿਰ ਮਰੀਜ਼ਾਂ ਦਾ ਸ਼ੋਸ਼ਣ ਕਿਉਂ ਕੀਤਾ ਜਾ ਰਿਹਾ ਹੈ ਤੇ ਐਮਰਜੈਂਸੀ ਹਾਲਾਤ ਵਿਚ ਉਨ੍ਹਾਂ ਨੂੰ ਮਾਰਿਆ ਕਿਉਂ ਜਾ ਰਿਹਾ ਹੈ। ਉਨ੍ਹਾਂ ਨੇ ਸਮੇਂ ਸਿਰ ਇਹ ਦਵਾਈ ਮੁਹੱਈਆ ਨਾ ਕਰਵਾਉਣ ਲਈ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ।