ਜੇਐੱਨਐੱਨ, ਅੰਮਿ੍ਤਸਰ : ਫੋਕਲ ਪੁਆਇੰਟ ਫੈਕਟਰੀਆਂ ਤੋਂ ਨਿਕਲਣ ਵਾਲਾ ਤੇਜ਼ਾਬੀ ਪਾਣੀ ਵਾਰਡ 24 ਦੇ ਇਲਾਕੇ ਰਸੂਲਪੁਰ ਕਲਰ ਦੀ ਹੱਦ ਵਿਚ ਛੱਡਿਆ ਗਿਆ ਹੈ। ਇਸ ਕਾਰਨ ਰਸੂਲਪੁਰ ਵਾਸੀ ਬਹੁਤ ਪਰੇਸ਼ਾਨ ਹਨ। ਜਿਸ ਦਾ ਕਾਰਨ ਇਹ ਹੈ ਕਿ ਪਿਛਲੇ 4 ਮਹੀਨੇ ਤੋਂ ਛੱਡੇ ਗਏ ਇਸ ਤੇਜ਼ਾਬੀ ਪਾਣੀ ਤੋਂ ਜੋ ਪਿੰਡ ਰਸੂਲਪੁਰ ਦਾ ਹੈ ਹੀ ਨਹੀਂ, ਇਸ ਗੰਦੇ ਪਾਣੀ ਨਾਲ ਪਿੰਡ ਦੇ ਲੋਕ ਬਿਮਾਰੀਆਂ ਵਿਚ ਜਕੜੇ ਗਏ ਹਨ। ਜਿਸ ਕਾਰਨ ਲੋਕ ਬਿਮਾਰੀਆਂ ਦੇ ਕਾਰਨ ਮਰ ਰਹੇ ਹਨ। ਇਸ ਗੰਭੀਰ ਸਮੱਸਿਆ ਬਾਰੇ ਰਸੂਲਪੁਰ ਵਾਸੀਆਂ ਵੱਲੋਂ ਕੌਂਸਲਰ ਦੀ ਅਗਵਾਈ ਵਿਚ ਨਗਰ ਨਿਗਮ ਵਿਚ ਕਈ ਵਾਰ ਗੱਲ ਕੀਤੀ ਗਈ ਪਰ ਸਮੱਸਿਆ ਹਾਲੇ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ, ਉਥੇ ਹੀ ਦੂਜੇ ਇਲਾਕਿਆਂ ਤੋਂ ਆਉਂਦੇ ਬੱਚੇ ਗੰਦਗੀ ਦੇ ਕਾਰਨ ਪਿੰਡ ਰਸੂਲਪੁਰ ਦੇ ਸਕੂਲ ਨੂੰ ਛੱਡ ਰਹੇ ਹਨ, ਜਿਸ ਕਾਰਨ ਸਕੂਲ ਦੀ ਗਿਣਤੀ ਘੱਟ ਹੋ ਰਹੀ ਹੈ। ਪੰਜਾਬੀ ਜਾਗਰਣ ਨੇ ਪੂਰਵੀ ਹਲਕੇ ਦੇ ਅਧੀਨ ਆਉਂਦੀ ਵਾਰਡ 24 ਦੇ ਪਿੰਡ ਰਸੂਲਪੁਰ ਦਾ ਦੌਰਾ ਕੀਤਾ ਤਾਂ ਪਿੰਡ ਵਾਸੀਆਂ ਨਾਲ ਗੱਲ ਕੀਤੀ। ਜਿਸ ਦੇ ਨਾਲ ਪਿੰਡ ਵਾਸੀਆਂ ਨੇ ਤੇਜ਼ਾਬੀ ਪਾਣੀ ਕਾਰਨ ਆ ਰਹੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ।

ਬਾਕਸ

ਪੁਲੀ ਹੇਠਾਂ ਆਈਆਂ ਦਰਾਰਾਂ

ਜਗਜੀਤ ਸਿੰਘ ਨੇ ਦੱਸਿਆ ਕਿ ਉਹ ਐੱਨਆਰਆਈ ਹੈ, ਉਹ ਅਮਰੀਕਾ ਦੇ ਪੱਕੇ ਵਸਨੀਕ ਹੈ। ਉਨ੍ਹਾਂ ਦੀ ਜਗ੍ਹਾ ਇਲਾਕਾ ਰਸੂਲਪੁਰ 'ਚ ਹੈ। ਉਹ ਹਰ ਸਾਲ ਇੱਥੇ ਆਉਂਦੇ ਹਨ ਪਰ ਇੱਥੇ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਰੇਲਵੇ ਦੀ ਲਾਈਨ ਹੇਠਾਂ ਪੁਲੀ ਲੰਘਦੀ ਹੈ। ਇਸ ਪੁਲੀ ਹੇਠਾਂ ਰਸਤੇ ਤੋਂ ਰਸੂਲਪੁਰ ਦੇ ਵਾਸੀ ਸ਼ਹਿਰ ਵਿਚ ਦਾਖਲ ਹੁੰਦੇ ਹਨ ਪਰ ਪਿਛਲੇ 4 ਮਹੀਨਿਆਂ ਤੋਂ ਇਹ ਤੇਜ਼ਾਬੀ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਇਸ ਪੁਲੀ ਦੀ ਨੀਂਹ ਬੈਠ ਚੁੱਕੀ ਹੈ। ਜਿਸ ਵਿਚ ਦਰਾਰਾਂ ਸਾਫ਼ ਵਿਖਾਈ ਪੈਂਦੀਆਂ ਹਨ ਤੇ ਇਹ ਦਰਾਰਾਂ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਕੋਈ ਵੀ ਵੱਡਾ ਹਾਦਸਾ ਇੱਥੇ ਹੋ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਪਿੰਡ ਵਾਸੀ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਬੱਚੇ ਵੀ ਸਕੂਲ ਛੱਡ ਰਹੇ ਹਨ। ਪਿੰਡ ਵਾਸੀ ਪਰਮਜੀਤ ਸਿੰਘ, ਮੰਗਲ ਸਿੰਘ, ਸੋਨੂ ਸਿੰਘ, ਗੋਵਿੰਦ ਸਿੰਘ ਆਦਿ ਨੇ ਕਿਹਾ ਕਿ ਜੇਕਰ ਨਗਰ ਨਿਗਮ ਵੱਲੋਂ ਇਸ ਪਾਣੀ ਨੂੰ ਛੇਤੀ ਹੀ ਬੰਦ ਨਾ ਕੀਤਾ ਗਿਆ ਤਾਂ ਪਿੰਡ ਰਸੂਲਪੁਰ ਦੇ ਵਾਸੀ ਤਿੱਖਾ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ।

ਬਾਕਸ

ਇਲਾਕਾ ਫੋਕਲ ਪੁਆਇੰਟ ਦੀਆਂ ਫੈਕਟਰੀਆਂ ਤੋਂ ਨਿਕਲਦਾ ਗੰਦਾ ਪਾਣੀ ਮੇਨ ਸੀਵਰੇਜ ਪਾਈਪ ਲਾਈਨ ਤੋਂ ਨਿਕਲ ਕੇ ਇਲਾਕਾ ਮਕਬੂਲਪੁਰਾ ਤੋਂ ਹੁੰਦੇ ਹੋਏ ਗੰਦੇ ਨਾਲੇ ਵਿਚ ਦਾਖਲ ਹੁੰਦਾ ਹੈ। ਇਸ ਪਾਈਪ ਲਾਈਨ 'ਚੋਂ ਇੱਕ ਸੀਵਰੇਜ ਦੀ ਹੋਦੀ ਇਲਾਕਾ ਰਸੂਲਪੁਰ ਦੀ ਹੱਦ ਕੋਲੋਂ ਲੰਘਦੀ ਹੈ। ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਨਾਲੇ ਦੀ ਸਫਾਈ ਲਈ ਕਾਰਜ ਸ਼ੁਰੂ ਕਰਵਾਏ ਗਏ ਸਨ। ਜਿਸ ਤਹਿਤ ਕਾਰਪੋਰੇਸ਼ਨ ਸਤੰਬਰ ਮਹੀਨੇ ਤੋਂ ਨਾਲੇ ਦੀ ਸਫਾਈ ਦਾ ਕੰਮ ਕਰ ਰਹੀ ਹੈ। ਇਸ ਸਬੰਧੀ ਡਿਚ ਮਸ਼ੀਨ ਨਾਲ ਪਿਛਲੇ 4 ਮਹੀਨਿਆਂ ਤੋਂ ਗੰਦੇ ਨਾਲੇ ਦੀ ਸਾਫ਼-ਸਫਾਈ ਦਾ ਕੰਮ ਚੱਲ ਰਿਹਾ ਹੈ। ਰਸੂਲਪੁਰ ਦੇ ਕੋਲ ਵਾਲਾ ਸੀਵਰੇਜ ਅੱਗੇ ਚੱਲ ਰਹੀ ਸਫਾਈ ਕਾਰਨ ਲੀਕੇਜ ਹੋ ਰਿਹਾ ਹੈ। ਅੱਗੇ ਤੋਂ ਨਾਲੇ ਦੀ ਸਫਾਈ ਹੋਣ ਦੇ ਬਾਅਦ ਰਸੂਲਪੁਰ ਵਾਲੇ ਸੀਵਰੇਜ ਦੀ ਬਲਾਕੇਜ ਤੇ ਲੀਕੇਜ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ।

(ਅਸ਼ਵਨੀ ਕੁਮਾਰ, ਨਗਰ ਨਿਗਮ ਐਕਸੀਅਨ)