ਬਲਰਾਜ ਸਿੰਘ, ਵੇਰਕਾ : ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 24 ਅਧੀਨ ਆਉਂਦੇ ਮੋਹਕਮਪੁਰਾ ਦੇ ਗੁਰੂ ਤੇਗ ਬਹਾਦਰ ਨਗਰ ਟਾਵਰ ਵਾਲਾ ਬਾਜ਼ਾਰ ਵਿਖੇ ਗੁੱਸੇ ਨਾਲ ਭਰੇ ਪੀਤੇ ਇਲਾਕਾ ਵਾਸੀਆਂ ਸਾਬਕਾ ਕੌਂਸਲਰ ਜਤਿੰਦਰਪਾਲ ਸਿੰਘ ਘੁੰਮਣ ਦੀ ਅਗਵਾਈ 'ਚ ਪੀਣ ਵਾਲੇ ਪਾਣੀ 'ਚ ਸੀਵਰੇਜ਼ ਦਾ ਗੰਦਾ ਪਾਣੀ ਮਿਕਸ ਹੋ ਕੇ ਆਉਣ ਖ਼ਿਲਾਫ਼ ਨਗਰ ਨਿਗਮ ਤੇ ਵਾਰਡ ਕੌਂਸਲਰ ਖਿਲਾਫ ਜ਼ੋਰਦਾਰ ਰੋਸ ਮੁਜ਼ਹਰਾ ਕੀਤਾ ਤੇ ਨਾਅਰੇ ਲਾਏ। ਇਸ ਮੌਕੇ ਜਸਬੀਰ ਸਿੰਘ ਥਿੰਦ, ਕੁਲਜੀਤ ਸਿੰਘ ਬਿੱਟੂ, ਅਮਰੀਕ ਸਿੰਘ, ਕੁਲਦੀਪ ਸਿੰਘ, ਪ੍ਰਦੀਪ ਕੁਮਾਰ, ਮਿਨਾਕਸ਼ੀ, ਸੁਦੇਸ਼ ਰਾਣੀ, ਸੰਤੋਸ਼ ਰਾਣੀ, ਨਿਰਮਲਾ ਦੇਵੀ, ਸੰਤੋਸ਼ ਕੁਮਾਰ, ਵਿਜੇ ਲਕਸ਼ਮੀ, ਸੁਰਿੰਦਰਪਾਲ ਸਿੰਘ ਠਾਕਰ, ਸ਼ੁਸ਼ਮਾ, ਆਸ਼ਾ ਰਾਣੀ, ਵੀਨਾ ਰਾਣੀ, ਗੁਰਮਖ ਕੋਰ ਆਦਿ ਦਾ ਕਹਿਣਾ ਸੀ ਕਿ ਪਿਛਲੇ ਡੇਢ ਸਾਲ ਤੋਂ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਤੇ ਵਾਰਡ ਕੌਂਸਲਰ ਰਜਿੰਦਰ ਸਿੰਘ ਸੈਣੀ ਨੂੰ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਦਾ ਪੁਖਤਾ ਹੱਲ ਕੱਢਣ ਲਈ ਲਿਖਤੀ ਰੂਪ 'ਚ ਜਾਣੂ ਕਰਾਉਣ ਬਾਅਦ ਵੀ ਕੋਈ ਸੁਣਵਾਈ ਨਾ ਹੋਣ ਕਾਰਨ ਮਜਬੂਰਨ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਅਤੇ ਬੱਚੇ ਡਾਇਰੀਆ 'ਤੇ ਪੇਟ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹੱਦ ਉਦੋਂ ਹੋਈ ਜਦੋਂ ਟੂਟੀਆਂ ਵਿਚੋਂ ਪਾਣੀ ਦੇ ਨਾਲ ਸਪੋਲੀਏ ਨਿਕਲਣੇ ਸ਼ੁਰੂ ਹੋ ਗਏ ਜਿਸ ਨਾਲ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵਿਕਾਸ ਦੇ ਨਾਂ ਤੇ ਇਲਾਕੇ ਦੇ ਲੋਕਾਂ ਨਾਲ ਰਾਜਸੀ ਆਗੂਆਂ ਵੱਲੋਂ ਹਿੱਕ ਠੋਕ ਕੇ ਕੀਤੇ ਵਾਅਦੇ ਸੱਚ ਸਾਬਤ ਨਹੀ ਹੋਏ। ਉਕਤ ਇਲਾਕਾ ਵਾਸੀਆਂ ਗੰਦੇ ਪਾਣੀ ਦੀ ਸਪਲਾਈ ਦਰੁਸਤ ਕਰਨ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਨਗਰ ਨਿਗਮ ਕਮਿਸ਼ਨਰ ਤੇ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਦਖਲ ਦੇ ਕੇ ਲੋਕਾਂ ਨੂੰ ਗੰਦੇ ਪਾਣੀ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ।

ਬਾਕਸ

ਸੀਵਰੇਜ ਦਾ ਗਲਤ ਜੋੜ ਬਣਿਆ ਸਮੱਸਿਆ : ਘੁੰਮਣ

ਅਕਾਲੀ ਦਲ ਨਾਲ ਸਬੰਧਤ ਸਾਬਕਾ ਕੌਂਸਲਰ ਜਤਿੰਦਰਪਾਲ ਸਿੰਘ ਘੁੰਮਣ ਨੇ ਕਿਹਾ ਕਿ ਇਲਾਕੇ 'ਚ ਗੰਦੇ ਪਾਣੀ ਦੀ ਸਮੱਸਿਆ ਦੀ ਅਸਲ ਜੜ੍ਹ ਗੁਰੂ ਤੇਗ ਬਹਾਦਰ ਨਗਰ ਇਲਾਕੇ ਦੇ ਸੀਵਰੇਜ ਨੂੰ ਕੁਝ ਸਮਾਂ ਪਹਿਲਾਂ ਜਾਇਕਾ ਦੇ ਓਵਰ ਫਲੋਅ ਸੀਵਰੇਜ ਲੈਵਲ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਜੇ ਇਲਾਕੇ ਦਾ ਸੀਵਰੇਜ ਜਾਇਕਾ ਦੇ ਗਰਾਊਂਡ ਲੈਵਲ ਨਾਲ ਜੋੜਿਆ ਹੁੰਦਾ ਤਾਂ ਉਕਤ ਇਲਾਕੇ 'ਚ ਗੰਦੇ ਪਾਣੀ ਦੀ ਸਮੱਸਿਆ ਕਦੇ ਨਾ ਆਉਂਦੀ।

ਬਾਕਸ

ਨਿਗਮ ਦੇ ਅਧਿਕਾਰੀਆਂ ਨੇ ਪ੍ਰਗਟਾਈ ਅਗਿਆਨਤਾ

ਐੱਸਡੀਓ ਹਰਿੰਦਰ ਸਿੰਘ ਤੇ ਜੇਈ ਕੁਲਵੰਤ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਇਲਾਕੇ ਦੀ ਉਕਤ ਸਮੱਸਿਆ ਸਬੰਧੀ ਅਗਿਆਨਤਾ ਪ੍ਰਗਟਾਈ। ਜਦੋਂ ਉਨ੍ਹਾਂ ਨੂੰ ਇਲਾਕੇ ਦੇ ਲੋਕਾਂ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਬਾਰੇ ਜਾਣੂ ਕਰਾਇਆ ਕਿਹਾ ਤਾਂ ਜਵਾਬ ਮਿਲਿਆ ਕਿ ਬੰਦੇ ਭੇਜ ਕੇ ਪਤਾ ਲਗਾਵਾਂਗੇ ਕੀ ਮੁਸ਼ਕਿਲ ਹੈ।

ਕੋਟਸ

ਮੁਸ਼ਕਿਲ ਹੱਲ ਕਰਨ ਦਾ ਕੀਤਾ ਜਾਵੇਗਾ ਯਤਨ : ਕੌਂਸਲਰ

ਇਲਾਕੇ ਦੀ ਮੁਸ਼ਕਿਲ ਹੱਲ ਕਰਨ ਲਈ ਨਵੀਆਂ ਪਾਈਪਾਂ ਪਵਾਈਆਂ ਸਨ। ਫਿਰ ਵੀ ਜੇ ਇਲਾਕਾ ਵਾਸੀਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਆ ਰਹੀ ਹੈ ਤਾਂ ਛੇਤੀ ਮੁਸ਼ਕਿਲ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।

-ਰਜਿੰਦਰ ਸਿੰਘ ਸੈਣੀ, ਕੌਂਸਲਰ।