ਜੇਐੱਨਐੱਨ, ਅੰਮਿ੍ਰਤਸਰ : ਜਲਿ੍ਹਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ 'ਚ ਗਰਭਵਤੀ ਅੌਰਤ ਦੀ ਗਲਤ ਬਲੱਡ ਰਿਪੋਰਟ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਰਭਵਤੀ ਦਾ ਬਲੱਡ ਗਰੁੱਪ ਬੀ ਪਾਜ਼ੀਟਿਵ ਸੀ, ਜਦਕਿ ਸਿਵਲ ਹਸਪਤਾਲ ਤੋਂ ਮਿਲੀ ਰਿਪੋਰਟ 'ਚ ਬੀ-ਨੈਗੇਟਿਵ ਦੱਸ ਦਿੱਤਾ ਗਿਆ। ਦਰਅਸਲ ਗੁਰਦਾਸਪੁਰ ਵਾਸੀ ਮੋਨਿਕਾ ਨੂੰ ਸਿਵਲ ਹਸਪਤਾਲ 'ਚ ਜਾਂਚ ਲਈ ਲਿਆਂਦਾ ਗਿਆ ਸੀ। ਇੱਥੇ ਉੱਸ ਦਾ ਬਲੱਡ ਸੈਂਪਲ ਲੈ ਕੇ ਜਾਂਚ ਕੀਤੀ ਗਈ। ਜਾਂਚ ਰਿਪੋਰਟ 'ਚ ਬਲੱਡ ਗਰੁੱਪ ਬੀ ਨੈਗੇਟਿਵ ਦੱਸਿਆ ਗਿਆ। ਡਿਲੀਵਰੀ ਹੋਣ 'ਚ ਹਾਲੇ ਮਹੀਨਾ ਬਾਕੀ ਸੀ। ਮੋਨਿਕਾ ਦੇ ਪਤੀ ਸਾਹਿਬ ਅਨੁਸਾਰ ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਨਿਜੀ ਲੈਬ ਤੋਂ ਮੋਨਿਕਾ ਦਾ ਬਲੱਡ ਟੈਸਟ ਕਰਵਾਇਆ ਸੀ। ਉਸ ਦੌਰਾਨ ਰਿਪੋਰਟ 'ਚ ਬੀ ਪਾਜ਼ੀਟਿਵ ਬਲੱਡ ਗਰੁਪ ਆਇਆ ਸੀ। ਉਨ੍ਹਾਂ ਨੂੰ ਸ਼ੱਕ ਹੋਇਆ ਕਿ ਸਿਵਲ ਹਸਪਤਾਲ ਦੀ ਟੈਸਟ ਰਿਪੋਰਟ ਗਲਤ ਤਾਂ ਨਹੀਂ। ਪੁਸ਼ਟੀ ਲਈ ਉਨ੍ਹਾਂ ਮੋਨਿਕਾ ਦਾ ਬਲੱਡ ਸੈਂਪਲ ਨਿੱਜੀ ਲੈਬੋਰਟਰੀ 'ਚ ਭੇਜਿਆ। ਇਸ ਦੌਰਾਨ ਰਿਪੋਰਟ 'ਚ ਬਲਡ ਗਰੁੱਪ ਬੀ ਪਾਜ਼ੀਟਿਵ ਆਇਆ। ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਸਿਵਲ ਹਸਪਤਾਲ ਦੀ ਰਿਪੋਰਟ ਗਲਤ ਹੈ।

ਸਾਹਿਬ ਅਨੁਸਾਰ ਉਹ ਮੋਨਿਕਾ ਨੂੰ ਓਪੀਡੀ 'ਚ ਜਾਂਚ ਲਈ ਲੈ ਕੇ ਆਏ ਸਨ। ਜੇਕਰ ਮੋਨਿਕਾ ਦੀ ਡਿਲੀਵਰੀ ਦੌਰਾਨ ਉਸ ਨੂੰ ਖੂਨ ਦੀ ਲੋੜ ਪੈਂਦੀ ਤਾਂ ਉਸ ਨੂੰ ਸਿਵਲ ਹਸਪਤਾਲ ਦੀ ਰਿਪੋਰਟ ਅਨੁਸਾਰ ਬੀ ਨੈਗੇਟਿਵ ਬਲਡ ਗਰੁਪ ਚੜ੍ਹਾਇਆ ਜਾ ਸਕਦਾ ਸੀ, ਜਿਸ ਨਾਲ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਸਪਤਾਲ ਦੇ ਲੈਬੋਰਟਰੀ ਮੁਲਾਜ਼ਮਾਂ ਦੀ ਲਾਪਰਵਾਹੀ ਹੈ, ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਉਧਰ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਅਰੁਣ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ 'ਤੇ ਇਸ ਗੱਲ ਦੀ ਸੂਚਨਾ ਮਿਲੀ ਹੈ। ਸ਼ਿਕਾਇਤਕਰਤਾ ਉਨ੍ਹਾਂ ਕੋਲ ਰਿਪੋਰਟਾਂ ਲੈ ਕੇ ਆਉਣਗੇ ਤਾਂ ਉਹ ਜਾਂਚ ਕਰਵਾਉਣਗੇ। ਜੇਕਰ ਉਨ੍ਹਾਂ ਦੇ ਮੁਲਾਜ਼ਮ ਦੀ ਗਲਤੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।