ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਮਨਮੀਤ ਸਿੰਘ ਪਟਨਾ ਵੱਲੋਂ ਲੋਕਲ ਅਦਾਲਤ ਪਟਨਾ ਵਿਚ ਕੀਤੇ ਗਏ ਕੇਸ ਦੇ ਫ਼ੈਸਲੇ ’ਤੇ ਜੱਜ ਸੰਜੀਵ ਦੱਤ ਮਿਸ਼ਰਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ paਦੀਆਂ ਬਤੌਰ ਜਥੇਦਾਰ ਸੇਵਾਵਾਂ ਨੂੰ ਬਹਾਲ ਕਰਨ ਦੇ ਨਾਲ 5 ਮਾਰਚ 2019 ਤੋਂ ਹੁਣ ਤਕ ਨੌਕਰੀ ਦੇ ਸਾਰੇ ਲਾਭ ਇਕ ਮਹੀਨੇ ਅੰਦਰ ਦੇਣ ਦੇ ਆਦੇਸ਼ ਪ੍ਰਬੰਧਕੀ ਕਮੇਟੀ ਨੂੰ ਜਾਰੀ ਕੀਤੇ ਹਨ।

ਤਖ਼ਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ 3 ਮਾਰਚ 2019 ਨੂੰ ਹੋਈ ਮੀਟਿੰਗ ਵਿਚ ਗਿਆਨੀ ਇਕਬਾਲ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰਕੇ ਉਸ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਸੀ ਜਿਸ ਪਿੱਛੋਂ ਗਿਆਨੀ ਇਕਬਾਲ ਸਿੰਘ ਦੇ ਹੱਕ ’ਚ ਮਨਮੀਤ ਸਿੰਘ ਪਟਨਾ ਵੱਲੋਂ ਇਕ ਕੇਸ ਲੋਕਲ ਅਦਾਲਤ ਪਟਨਾ ਵਿਖੇ ਦਾਰਿ ਕੀਤਾ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਗਿਆਨੀ ਇਕਬਾਲ ਸਿੰਘ ਦਾ ਜੋ ਅਸਤੀਫ਼ਾ ਪਟਨਾ ਕਮੇਟੀ ਪ੍ਰਵਾਨ ਕਰ ਰਹੀ ਹੈ ਇਹ ਸੋਸ਼ਲ ਮੀਡੀਆ ’ਤੇ ਵਾਇਰਲ ਹੈ। ਮਨਮੀਤ ਸਿੰਘ ਵੱਲੋਂ ਦਾਇਰ ਕੀਤੇ ਗਏ ਕੇਸ ’ਚ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ, ਮਹਿੰਦਰਪਾਲ ਸਿੰਘ ਢਿੱਲੋਂ ਜਨਰਲ ਸਕੱਤਰ ਅਤੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਪਾਰਟੀ ਬਣਾਇਆ ਗਿਆ, ਜਦਕਿ ਇਸ ਕੇਸ ਵਿਚ ਗਿਆਨੀ ਇਕਬਾਲ ਸਿੰਘ ਅਤੇ ਰਾਜਾ ਸਿੰਘ ਵੀ ਸ਼ਾਮਲ ਹੋਏ। ਗਿਆਨੀ ਇਕਬਾਲ ਸਿੰਘ ਨੂੰ ਸੇਵਾਮੁਕਤ ਕਰਨ ਦੇ ਇਸ ਕੇਸ ’ਚ ਪਟਨਾ ਦੀ ਲੋਕਲ ਅਦਾਲਤ ਨੇ ਪ੍ਰਬੰਧਕੀ ਕਮੇਟੀ ਨੂੰ ਆਦੇਸ਼ ਜਾਰੀ ਕਰਦਿਆਂ ਜਿੱਥੇ ਇਕ ਮਹੀਨੇ ਦੇ ਅੰਦਰ ਗਿਆਨੀ ਇਕਬਾਲ ਸਿੰਘ ਨੂੰ ਮੁੜ ਜਥੇਦਾਰ ਸੇਵਾ ’ਤੇ ਤਾਇਨਾਤ ਕੀਤਾ ਜਾਵੇ ਅਤੇ ਉੱਥੇ ਨਾਲ ਹੀ 5 ਮਾਰਚ 2019 ਤੋਂ ਅੱਜ ਤਕ ਦੇ ਨੌਕਰੀ ਦੇ ਸਾਰੇ ਲਾਭ ਵੀ ਦਿੱਤੇ ਜਾਣ।

ਇਸ ਦੌਰਾਨ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਕੁਝ ਕਾਰਨਾਂ ਕਰਕੇ ਆਪਣਾ ਰੋਸ ਜ਼ਾਹਰ ਕਰਨ ਲਈ ਉਨ੍ਹਾਂ ਨੇ ਆਪਣਾ ਇਕ ਅਸਤੀਫ਼ਾ ਪੱਤਰ ਤਿਆਰ ਕੀਤਾ ਸੀ, ਪਰ ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਪ੍ਰਬੰਧਕੀ ਕਮੇਟੀ ਵੱਲੋਂ ਗ਼ਲਤ ਢੰਗ ਨਾਲ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਕਾਰਵਾਈ ਕੀਤੀ ਗਈ ਸੀ, ਜਿਸ ’ਤੇ ਅਦਾਲਤ ਨੇ ਆਪਣਾ ਫ਼ੈਸਲਾ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਣ ਦੇ ਆਦੇਸ਼ ਪਟਨਾ ਸਾਹਿਬ ਕਮੇਟੀ ਨੂੰ ਦਿੱਤੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਟਨਾ ਸਾਹਿਬ ਕਮੇਟੀ ਵੱਲੋਂ ਗਿਆਨੀ ਇਕਬਾਲ ਸਿੰਘ ਦੀ ਥਾਂ ਮੌਜੂਦਾ ਹਾਲਾਤ ’ਚ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਜਥੇਦਾਰ ਥਾਪਿਆ ਗਿਆ ਸੀ। ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਸਬੰਧੀ ਅਧਿਕਾਰ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਪਾਸ ਹਨ।

Posted By: Jatinder Singh