ਅੰਮ੍ਰਿਤਪਾਲ ਸਿੰਘ,ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ ਇਕੱਤਰਤਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਰੱਦ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਿਆ ਹੈ। ਪੱਤਰ ਵਿਚ ਲਿਿਖਆ ਹੈ ਕਿ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਹੋਈ। ਜਿਸ ਵਿੱਚ ਪਿਛਲੇ ਦਿਨੀਂ ਤੁਹਾਡੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਉਪਰ ਵਿਚਾਰ ਹੋਈ ਜੋ ਕਿ 2 ਦਸੰਬਰ ਨੂੰ ਤੁਹਾਡੇ ਆਦੇਸ਼ ਅਨੁਸਾਰ ਨਿਜੀ ਸਹਾਇਕ ਜਸਪਾਲ ਸਿੰਘ ਦੇ ਦਸਤਖ਼ਤ ਹੇਠ ਪੱਤਰ ਪ੍ਰਾਪਤ ਹੋਇਆ। ਜਿਸ ਵਿਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਚਲ ਰਹੇ ਵਿਵਾਦ ਬਾਬਤ ਕੁੱਝ ਨਿਰਦੇਸ਼ ਦਿੱਤੇ ਗਏ। ਜਿਨ੍ਹਾਂ ਮੁਤਾਬਕ 6 ਦਸੰਬਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੂੰ ਤਲਬ ਕਰਕੇ ਕੁੱਝ ਫੈਂਸਲੇ ਸੁਣਾਏ ਗਏ ਜੋ ਨਿਰਪੱਖ ਨਹੀਂ ਸਨ, ਜਿਸ ਕਾਰਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਮਾਹੌਲ ਬਹੁਤ ਤਨਾਅਪੂਰਨ ਹੋ ਗਿਆ ਹੈ। ਇਸ ਸਥਿਤੀ ਨੂੰ ਵੇਖਦਿਆ ਹੋਇਆ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਤੁਹਾਡੇ ਸਾਰੇ ਫੈਸਲੇ ਰੱਦ ਕੀਤੇ ਜਾਂਦੇ ਹਨ। ਕਿਉਂਕਿ ਤਖ਼ਤ ਸਾਹਿਬ ਜੀ ਦੇ ਸੰਵਿਧਾਨ ਵਿੱਚ ਆਰਟੀਕਲ ਨੰ. 79 ਅਨੁਸਾਰ ਕਿਸੇ ਵੀ ਧਾਰਮਿਕ ਵਿਵਾਦਿਤ ਮਸਲੇ ਨੂੰ ਜਦੋਂ ਤੱਕ ਸਮੂਹ ਪ੍ਰਬੰਧਕ ਕਮੇਟੀ ਲਿਖਤੀ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਦਿੰਦੀ ਤਦ ਤੱਕ ਕੋਈ ਦਖਲ ਨਹੀਂ ਦਿੱਤਾ ਜਾ ਸਕਦਾ ਹੈ।

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੁਰਾਤਨ ਚੱਲੀ ਆ ਰਹੀ ਮਰਿਆਦਾ ਅਨੁਸਾਰ ਹੀ ਸਾਰੀ ਸੇਵਾ ਅਤੇ ਪ੍ਰਬੰਧ ਹੁੰਦਾ ਹੈ। ਜਿਸ ਕਾਰਨ ਕਿਸੇ ਵੀ ਤਖ਼ਤ ਸਾਹਿਬ ਵੱਲੋਂ ਨਵੀਂ ਮਰਿਆਦਾ ਜਾਂ ਸੰਵਿਧਾਨ ਮੁਤਾਬਿਕ ਲਿਆ ਗਿਆ ਫੈਸਲਾ ਤਖਤ ਸ੍ਰੀ ਪਟਨਾ ਸਾਹਿਬ ਤੇ ਲਾਗੂ ਨਹੀਂ ਹੋ ਸਕਦਾ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਆਦਾ ਅਨੁਸਾਰ ਜਦ ਤੱਕ ਪੰਜ ਪਿਆਰੇ ਸਿੰਘ ਸਾਹਿਬਾਨ ਕਿਸੇ ਤਨਖਾਹੀਆ ਦੋਸ਼ੀ ਦਾ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਵਿਚਾਰਨ ਲਈ ਨਹੀਂ ਭੇਜਦੇ ਤਦ ਤੱਕ ਉਸ ਨੂੰ ਮੁਆਫ਼ ਕਰਨਾ ਜਾਂ ਵਿਚ ਤੁਹਾਡੇ ਵੱਲੋਂ ਤਬਦੀਲੀ ਨਹੀਂ ਕੀਤੀ ਜਾ ਸਕਦੀ। ਪਟਨਾ ਸਾਹਿਬ ਦੀ ਮਰਿਆਦਾ ਦਾ ਜੇਕਰ ਕੋਈ ਵਿਅਕਤੀ ਕਿਸੇ ਪ੍ਰਕਾਰ ਦੀ ਉਲੰਘਣ ਕਰਦਾ ਹੈ ਤਾਂ ਉਸ ਉਪਰ ਮਰਿਆਦਾ ਅਨੁਸਾਰ ਕਾਰਵਾਈ ਸਿਰਫ਼ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਹੀ ਹੋ ਸਕਦੀ ਹੈ। ਪਰ ਤੁਸੀਂ ਇਸ ਤੋਂ ਉਲਟ ਜਾ ਕੇ ਫੈਂਸਲਾ ਲਿਆ ਹੈ ਜੋ ਲਾਗੂ ਨਹੀਂ ਹੋ ਸਕਦਾ ਅਤੇ ਇਸ ਦੇ ਨਾਲ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਤੁਹਾਡੇ ਕੋਲੋਂ ਕੁੱਝ ਜਬਾਬ ਮੰਗੇ ਜਾਂਦੇ ਹਨ।2 ਦਸੰਬਰ ਨੂੰ ਪ੍ਰਾਪਤ ਪੱਤਰ ਵਿੱਚ ਪੰਥ ਵਿੱਚੋਂ ਛੇਕੇ ਹੋਏ ਰਣਜੀਤ ਸਿੰਘ ਗੌਹਰ ਦੇ ਨਾਮ ਨਾਲ ਜਥੇਦਾਰ ਸ਼ਬਦ ਲਗਾਉਣ ਦਾ ਕੀ ਕਾਰਨ ਸੀ? ਗੈਰ ਸੰਵਿਧਾਨਕ ਤਰੀਕੇ ਨਾਲ ਪ੍ਰਬੰਧਕੀ ਬੋਰਡ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸ ਆਧਾਰ ਤੇ ਤਲਬ ਕੀਤਾ ਗਿਆ? ਤੁਹਾਡੇ ਅਹੁਦੇ ਦਾ ਸਤਿਕਾਰ ਕਰਦਿਆਂ ਪ੍ਰਬੰਧਕੀ ਬੋਰਡ ਹਾਜ਼ਰ ਹੋਇਆ, ਪਰ ਜਿਸ ਮਕਸਦ (ਬਹੁਮਤ ਸਾਬਿਤ ਕਰੋ) ਨਾਲ ਤੁਸੀਂ ਬੁਲਾਇਆ ਸੀ ਉਸ ਉਪਰ ਵਿਚਾਰ ਕਿਓ ਨਹੀਂ ਕੀਤੀ? ਅਤੇ ਇਕ ਪੱਖ ਨੂੰ ਸਾਜ਼ਿਸ਼ ਅਧੀਨ ਨੀਂਵਾ ਦਿਖਾਇਆ ਅਤੇ ਜਲੀਲ ਕੀਤਾ। ਜੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਕਿਸ ਅਧਿਕਾਰ ਨਾਲ ਬਣੀ ਹੈ? ਇਸ ਤੋਂ ਇਲਾਵਾ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਦੀ 38 ਸਾਲ ਦੀ ਸਮਰਪਿਤ ਭਾਵਨਾ ਨਾਲ ਕੀਤੀ ਸੇਵਾ ਨੂੰ ਨਜ਼ਰ ਅੰਦਾਜ ਕਰਦਿਆਂ ਉਹਨਾਂ ਪ੍ਰਤੀ ਸਖ਼ਤ ਸ਼ਬਦਾਵਲੀ ਵਰਤ ਕੇ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣਾ ਕਿੱਥੋਂ ਤੱਕ ਜਾਇਜ਼ ਹੈ? ਸਿੰਘ ਸਾਹਿਬ ਭਾਈ ਗੁਰਦਿਆਲ ਸਿੰਘ ਉਪਰ ਮੁੱਖ ਸਾਜਿਸ ਕਰਤਾ ਦਾ ਦੋਸ਼ ਕਿਸ ਸਬੂਤ ਅਤੇ ਅਧਿਕਾਰ ਨਾਲ ਲਗਾਇਆ? ਜਿਸ ਨਾਲ ਉਹਨਾਂ ਦੀ ਸਮੁਚੇ ਪੰਥ ਵਿੱਚ ਛਵੀ ਬਹੁਤ ਖਰਾਬ ਕੀਤੀ ਗਈ।ਤਖਤ ਸਾਹਿਬ ਜੀ ਦੇ ਸਮੂਹ ਮੁਲਾਜਮਾਂ ਨੂੰ ਕਿਸ ਤੱਥ ਦੇ ਆਧਾਰ ਤੇ ਨਸ਼ਾ ਕਰਨ ਦਾ ਝੂਠਾ ਦੋਸ਼ ਲਗਾ ਕੇ ਅਪਮਾਨਤ ਕੀਤਾ। ਇਸ ਲਈ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਵਿਚਾਰ ਕਰਨ ਉਪਰੰਤ ਫੈਸਲਾ ਕੀਤਾ ਹੈ ਕਿ ਤੁਸੀਂ 2 ਦਿਨ ਦੇ ਅੰਦਰ ਅੰਦਰ ਲਿਖਤੀ ਰੂਪ ਵਿੱਚ ਜਾਂ ਕਿਸੇ ਨਿਜੀ ਸਹਾਇਕ ਰਾਹੀਂ ਆਪਣਾ ਜਬਾਬ ਦੇਵੋ ਜੋ ਕਿ ਅਤਿ ਜਰੂਰੀ ਹੈ ਅਤੇ ਅੱਗੇ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇੇ ਕਿਸੀ ਪ੍ਰਕਾਰ ਦੇ ਫੈਂਸਲੇ ਵਿਚ ਕੋਈ ਵੀ ਆਦੇਸ਼ ਜਾਰੀ ਨਹੀਂ ਕਰੋਗੇ ਜੇਕਰ ਕਰਦੇ ਹੋ ਤਾਂ ਉਹ ਮਨਣਯੋਗ ਨਹੀਂ ਹੋਵੇਗਾ। ਪੰਜ ਪਿਆਰੇ ਸਿੰਘ ਸਾਹਿਬਾਨ ਵਿਚ ਹੈੱਡ ਗ੍ਰੰਥੀ ਤੇ ਕਾਰਜਕਾਰੀ ਜਥੇਦਾਰ ਗਿਆਨੀ ਬਲਦੇਵ ਸਿੰਘ, ਸੀਨੀਅਰ ਮੀਤ ਗ੍ਰੰਥੀ ਭਾਈ ਗੁਰਦਿਆਲ ਸਿੰਘ, ਗ੍ਰੰਥੀ ਭਾਈ ਪਰਸੁਰਾਮ ਸਿੰਘ, ਭਾਈ ਜਸਵੰਤ ਸਿੰਘ ਤੇ ਭਾਈ ਅਮਰਜੀਤ ਸਿੰਘ ਸ਼ਾਮਲ ਸਨ।

Posted By: Seema Anand