ਧਰਮਵੀਰ ਸਿੰਘ ਮਲਹਾਰ, ਤਰਨਤਾਰਨ : ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਮਨਾਉਣ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਜੋ ਸੋਨੇ ਦੀ ਪਾਲਕੀ ਸੁਸ਼ੋਭਿਤ ਕੀਤੀ ਜਾਣੀ ਹੈ।

ਉਹ 20 ਅਕਤੂਬਰ ਤਕ ਤਿਆਰ ਹੋ ਜਾਵੇਗਾ। ਇਹ ਪਾਲਕੀ ਸਾਹਿਬ ਢਾਈ ਕੁਇੰਟਲ ਵਜ਼ਨੀ ਹੈ ਜਿਸਦੇ ਲਈ ਵਿਸ਼ੇਸ਼ ਬੱਸ ਤਿਆਰ ਕਰਵਾਈ ਗਈ ਹੈ। ਅਟਾਰੀ ਬਾਰਡਰ ਰਾਹੀਂ ਇਹ ਪਾਲਕੀ ਸਾਹਿਬ ਪਾਕਿਸਤਾਨ 'ਚ ਭੇਜ ਦਿੱਤੀ ਜਾਣੀ ਹੈ।

ਕਾਰ ਸੇਵਾ ਸੰਪ੍ਰਦਾ ਦੇ ਮੁਖੀ ਬਾਬਾ ਜਗਤਾਰ ਸਿੰਘ ਦੀ ਦੇਖਰੇਖ 'ਚ ਇਹ ਪਾਲਕੀ ਸਾਹਿਬ ਸਵਾ ਮਹੀਨਾ ਪਹਿਲਾਂ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਸੀ। ਅੰਮਿ੍ਤਸਰ ਤੇ ਬਨਾਰਸ ਨਾਲ ਸਬੰਧਤ ਇਕ ਦਰਜਨ ਕਾਰੀਗਰ ਇਸ ਪਾਲਕੀ ਸਾਹਿਬ ਨੂੰ ਤਿਆਰ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ।

ਪਾਲਕੀ ਸਾਹਿਬ 'ਤੇ ਢਾਈ ਕੁਇੰਟਲ ਤਾਂਬਾ ਤੇ ਚਾਰ ਤੋਂ ਪੰਜ ਕਿੱਲੋ ਸੋਨਾ ਲਗਾਇਆ ਜਾ ਰਿਹਾ ਹੈ। ਪਾਲਕੀ ਸਾਹਿਬ 'ਤੇ 'ਸਤਿਨਾਮ ਸ੍ਰੀ ਵਾਹਿਗੁਰੂ' ਵੀ ਸੋਨੇ ਨਾਲ ਉਕੇਰਿਆ ਜਾਵੇਗਾ। ਪਾਲਕੀ ਸਾਹਿਬ ਤਿਆਰ ਕਰਨ 'ਚ ਲੱਗੇ ਕਾਰੀਗਰ ਸ਼ਿਵਮ ਕੁਮਾਰ, ਗੌਰਵ ਕੁਮਾਰ, ਵਿਨੈ ਕੁਮਾਰ, ਸੁਭਾਸ਼ ਕੁਮਾਰ, ਰਾਜ ਕੁਮਾਰ ਦਾ ਕਹਿਣਾ ਹੈ ਕਿ ਤਾਂਬੇ ਦੀ ਪਰਤ 'ਤੇ ਸੋਨਾ ਚੜ੍ਹਾਉਣ ਦੀ ਤਿਆਰੀ ਚੱਲ ਰਹੀ ਹੈ।

ਸੋਨਾ ਚੜ੍ਹਾਉਂਦੇ ਹੀ ਬਕਾਇਦਾ ਮੀਨਾਕਾਰੀ ਵੀ ਕੀਤੀ ਜਾਵੇਗੀ। ਬਾਬਾ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਸੰਗਤ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਪਾਲਕੀ ਸਾਹਿਬ ਲਈ ਵਿਸ਼ੇਸ਼ ਬੱਸ ਹਰਿਆਣਾ ਦੀ ਸੰਗਤ ਵੱਲੋਂ ਤਿਆਰ ਕਰਵਾ ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਾਣ ਵਾਲੇ ਨਗਰ ਕੀਰਤਨ ਰਾਹੀਂ ਇਹ ਪਾਲਕੀ ਸਾਹਿਬ ਪਾਕਿਸਤਾਨ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਇਹ ਪਾਲਕੀ ਸੁਸ਼ੋਭਿਤ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ 2006 'ਚ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ 400 ਸਾਲਾ ਸ਼ਹੀਦੀ ਪੁਰਬ ਮੌਕੇ ਬਾਬਾ ਜਗਤਾਰ ਸਿੰਘ ਵੱਲੋਂ ਸੋਨੇ ਦੀ ਪਾਲਕੀ ਤਿਆਰ ਕਰਵਾਈ ਗਈ ਸੀ। ਉਸ ਸਮੇਂ ਪਾਲਕੀ ਸਾਹਿਬ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਗਏ ਸਨ।

ਇਸ ਬਾਰੇ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨਾਲ ਜਦੋਂ ਗੱਲ ਕਰਨ ਲਈ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਉਠਾਇਆ। ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਜਵਾਬ ਮਿਲਿਆ ਕਿ ਜਥੇਦਾਰ ਸਾਹਿਬ ਕਿਤੇ ਬਾਹਰ ਹਨ। ਇਸ ਬਾਰੇ ਐੱਸਜੀਪੀਸੀ ਪ੍ਰਧਾਨ ਤੋਂ ਹੀ ਜਾਣਕਾਰੀ ਮਿਲ ਸਕੇਗੀ।