ਨਵੀਨ ਰਾਜਪੂਤ, ਅੰਮਿ੍ਤਸਰ : ਭਾਰਤੀ ਸਰਹੱਦ ਦੀ ਰੇਕੀ ਕਰਨ ਲਈ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਪਿੱਛੇ ਜਿਹੇ ਹੀ 12 ਚਾਇਨੀਜ਼ ਡ੍ਰੋਨ ਖ਼ਰੀਦੇ ਹਨ। ਆਈਐੱਸਆਈ ਇਨ੍ਹਾਂ ਦੀ ਮਦਦ ਨਾਲ ਭਾਰਤ 'ਚ ਹਥਿਆਰ ਤੇ ਨਸ਼ਾ ਸਪਲਾਈ ਕਰਨ ਦੀ ਫਿਰਾਕ 'ਚ ਹੈ।

ਆਈਐੱਸਆਈ ਹੁਣ ਸਰਦ ਰਾਤਾਂ 'ਚ ਧੁੰਦ ਪੈਣ ਦੀ ਇੰਤਜ਼ਾਰ 'ਚ ਹੈ ਤਾਂ ਜੋ ਉਸ ਸਮੇਂ ਡ੍ਰੋਨ ਦੀ ਮਦਦ ਨਾਲ ਹਥਿਆਰਾਂ ਤੇ ਨਸ਼ੇ ਦੀ ਖੇਪ ਕੰਡਿਆਲੀ ਤਾਰ ਤੋਂ ਪਾਰ ਭਾਰਤ 'ਚ ਸੁੱਟੀ ਜਾ ਸਕੇ। ਪਿਛਲੇ ਸੋਮਵਾਰ ਨੂੰ ਸਾਢੇ ਸੱਤ ਕਿਲੋ ਹੈਰੋਇਨ ਦੇ ਨਾਲ ਫੜੇ ਗਏ ਪਿੰਡ ਕੱਕੜ ਦੇ ਰਹਿਣ ਵਾਲੇ ਭਾਰਤੀ ਸਮੱਗਲਰਾਂ ਮੇਜਰ ਸਿੰਘ ਤੇ ਗੁਰਦੇਵ ਸਿੰਘ ਤੋਂ ਹੋਈ ਪੁੱਛਗਿੱਛ 'ਚ ਇਹ ਗੱਲਾਂ ਸਾਹਮਣੇ ਆਈਆਂ।

ਪੁਲਿਸ ਸੂਤਰਾਂ ਮੁਤਾਬਕ ਖੋਦਰ ਨਾਂ ਦਾ ਪਾਕਿਸਤਾਨੀ ਸਮੱਗਲਰ ਇਨ੍ਹਾਂ ਦੇ ਸੰਪਰਕ 'ਚ ਹੈ ਅਤੇ ਉਸੇ ਨੇ ਵ੍ਹਟਸਐਪ 'ਤੇ ਇਹ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਖੋਦਰ ਪਾਕਿਸਤਾਨੀ ਰੇਂਜ਼ਰਸ ਨਾਲ ਵੀ ਨਜ਼ਦੀਕੀਆਂ ਰੱਖਦਾ ਹੈ ਅਤੇ ਉਨ੍ਹਾਂ ਦੀ ਮਦਦ ਨਾਲ ਨਸ਼ੇ ਦੀ ਖੇਪ ਪੰਜਾਬ ਦੇ ਸਮੱਗਲਰਾਂ ਨੂੰ ਭੇਜਦਾ ਸੀ।

ਪੁਲਿਸ ਨੇ ਇਨ੍ਹਾਂ ਜਾਣਕਾਰੀਆਂ ਤੋਂ ਭਾਰਤੀ ਸੁਰੱਖਿਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਜਿਸ ਤੋਂ ਬਾਅਦ ਪੰਜਾਬ 'ਚ ਪੈਂਦੀ ਭਾਰਤ-ਪਾਕਿਸਤਾਨ ਦੀ 553 ਕਿਲੋਮੀਟਰ ਲੰਬੀ ਸਰਹੱਦ 'ਤੇ ਸੂਖਮ ਨਿਗਰਾਨੀ ਲਈ ਸੁਰੱਖਿਆ ਏਜੰਸੀਆਂ ਹੋਰ ਚੌਕਸ ਹੋ ਗਈਆਂ। ਦਸੰਬਰ ਤੇ ਜਨਵਰੀ ਮਹੀਨੇ ਦੌਰਾਨ ਪੈਣ ਵਾਲੀ ਧੁੰਦ 'ਚ ਆਈਐੱਸਆਈ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਖ਼ਾਸ ਯੋਜਨਾ ਤਿਆਰ ਕੀਤੀ ਜਾਵੇਗੀ।

ਡ੍ਰੋਨ ਨਾਲ ਆਏ ਹਥਿਆਰਾਂ ਨਾਲ ਜੁੜਨ ਲੱਗੇ ਸਮੱਗਲਿੰਗ ਮਾਮਲੇ ਦੇ ਤਾਰ

ਗੁਰਦੇਵ ਸਿੰਘ ਤੇ ਮੇਜਰ ਸਿੰਘ ਤੋਂ ਫੜੀ ਗਈ ਹੈਰੋਇਨ ਦੇ ਮਾਮਲੇ ਨੂੰ ਅੰਮਿ੍ਤਸਰ ਦਿਹਾਤੀ ਪੁਲਿਸ ਡ੍ਰੋਨ ਨਾਲ ਭਾਰਤ ਪਹੁੰਚੇ ਹਥਿਆਰਾਂ ਦੇ ਮਾਮਲੇ ਨਾਲ ਜੋੜ ਕੇ ਦੇਖਣ ਲੱਗੀ ਹੈ। ਇਸ ਮਾਮਲੇ 'ਚ ਗਿ੍ਫ਼ਤਾਰ ਅੱਤਵਾਦੀ ਪਾਕਿਸਤਾਨ 'ਚ ਰਹਿ ਰਹੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਰਣਜੀਤ ਸਿੰਘ ਨੀਟਾ ਦੇ ਸੰਪਰਕ 'ਚ ਸਨ। ਇਸ ਗੱਲ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਕਿਤੇ ਪਾਕਿਸਤਾਨੀ ਸਮੱਗਲਰ ਖੋਦਰ ਵੀ ਨੀਟਾ ਦੇ ਕਹਿਣ 'ਤੇ ਕੰਮ ਤਾਂ ਨਹੀਂ ਕਰ ਰਿਹਾ।

ਫ਼ੌਜ ਤੋਂ ਰਿਟਾਇਰ ਕਿੰਗਪਿਨ ਪ੍ਰਭਜੀਤ ਹਾਲੇ ਵੀ ਗਿ੍ਫ਼ਤ ਤੋਂ ਦੂਰ

ਫ਼ੌਜ ਤੋਂ ਰਿਟਾਇਰਡ ਤੇ ਇਸ ਮਾਮਲੇ ਦਾ ਕਿੰਗਪਿਨ ਪਿੰਡ ਕੱਕੜ ਦਾ ਰਹਿਣ ਵਾਲਾ ਪ੍ਰਭਜੀਤ ਸਿੰਘ ਹਾਲੇ ਵੀ ਪੁਲਿਸ ਗਿ੍ਫ਼ਤ ਤੋਂ ਦੂਰ ਹੈ ਜਿਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਆਪਣੇ ਸੰਭਾਵਿਤ ਟਿਕਾਣਿਆਂ 'ਤੇ ਨਹੀਂ ਮਿਲਿਆ। ਪ੍ਰਭਜੀਤ ਨੇ ਹੀ ਨਸ਼ੇ ਦੀ ਇਹ ਖੇਪ ਮੰਗਵਾਈ ਸੀ ਅਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਮੇਜਰ ਸਿੰਘ ਤੇ ਗੁਰਦੇਵ ਸਿੰਘ ਟ੍ਰੈਕਟਰ ਦੀ ਬੈਟਰੀ 'ਚ ਇਸ ਨੂੰ ਲਿਆਉਂਦੇ ਹੋਏ ਫੜੇ ਗਏ ਸਨ।