ਅਮਨ ਦੇਵਗਨ, ਅਜਨਾਲਾ : ਸੰਘਣੀ ਧੁੰਦ ਵਿਚਾਲੇ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਗਸ਼ਤ ਕਰ ਰਹੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਬੇੜੀ ਫੜੀ ਹੈ। ਹਾਲਾਂਕਿ ਬੇੜੀ 'ਚੋਂ ਕੋਈ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ ਹੈ, ਪਰੰਤੂ ਬੀਐੱਸਐੱਫ ਨੇ ਸੁਰੱਖਿਆ ਦੇ ਮੱਦੇਨਜ਼ਰ ਰਾਵੀ ਦਰਿਆ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਗਸ਼ਤ ਵਧਾ ਦਿੱਤੀ ਹੈ।

ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ 73ਵੀਂ ਰਜਮੈਂਟ ਦੇ ਜਵਾਨ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੀ ਪੋਸਟ ਪੰਜਗਰਾਈਆਂ ਵਿਖੇ ਸਵੇਰੇ ਗਸ਼ਤ ਕਰ ਰਹੇ ਸਨ। ਸਵੇਰੇ ਕਰੀਬ 6 ਵਜੇ ਰਾਵੀ ਦਰਿਆ ਕੋਲ ਪੁੱਜੇ ਤਾਂ ਸੰਘਣੀ ਧੁੰਦ ਵਿੱਚ ਉਨ੍ਹਾਂ ਨੂੰ ਪਾਕਿਸਤਾਨ ਵਾਲੇ ਪਾਸਿਓਂ ਇਕ ਬੇੜੀ ਆਉਂਦੀ ਵਿਖਾਈ ਦਿੱਤੀ।

ਬੇੜੀ 'ਚ ਕੋਈ ਸਵਾਰ ਨਹੀਂ ਸੀ। ਬੀਐੱਸਐੱਫ ਦੇ ਜਵਾਨਾਂ ਨੇ ਤੁਰੰਤ ਦਰਿਆ 'ਚ ਉਤਰ ਕੇ ਬੇੜੀ ਆਪਣੇ ਕਬਜ਼ੇ 'ਚ ਲੈ ਲਈ। ਬੇੜੀ ਦੀ ਬਰੀਕੀ ਨਾਲ ਜਾਂਚ ਕੀਤੀ ਗਈ, ਪਰੰਤੂ ਉਸ ਵਿੱਚੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਬੇੜੀ ਅੰਦਰ ਉਰਦੂ 'ਚ ਕੁਝ ਲਿਖਿਆ ਹੋਇਆ ਸੀ, ਜਿਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਉਰਦੂ 'ਚ ਲਿਖੇ ਸ਼ਬਦ ਕਿਸੇ ਅੰਤਰਰਾਸ਼ਟਰੀ ਸਮੱਗਲਰ ਲਈ ਕੋਈ ਸੁਨੇਹਾ ਵੀ ਹੋ ਸਕਦੇ ਹਨ।

ਫਿਲਹਾਲ ਬੀਐੱਸਐੱਫ ਵੱਲੋਂ ਬੇੜੀ ਨੂੰ ਕਬਜ਼ੇ 'ਚ ਲੈ ਕੇ ਪੁਲਿਸ ਥਾਣਾ ਰਮਦਾਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਦੋ ਫੁੱਟ ਵਧਿਆ ਹੈ। ਜਦੋਂ ਪਾਣੀ ਦਾ ਪੱਧਰ ਵਧਦਾ ਹੈ ਤਾਂ ਪਾਕਿਸਤਾਨ ਵਾਲੇ ਪਾਸਿਓਂ ਕੋਈ ਨਾ ਕੋਈ ਹਲਚਲ ਜ਼ਰੂਰ ਕੀਤੀ ਜਾਂਦੀ ਹੈ। ਪੰਜਗਰਾਈਆਂ ਪੋਸਟ 'ਤੇ ਰਾਵੀ ਦਰਿਆ 'ਚੋਂ, ਜਿੱਥੋਂ ਬੇੜੀ ਬਰਾਮਦ ਹੋਈ ਹੈ, ਉਥੇ ਰਾਵੀ ਦਾ ਘੁਮਾਅਦਾਰ ਮੋੜ ਹੈ। ਇਥੇ ਅਕਸਰ ਪਾਕਿਸਤਾਨ ਵਾਲੇ ਪਾਸਿਓਂ ਕੋਈ ਨਾ ਕੋਈ ਹਰਕਤ ਕੀਤੀ ਜਾਂਦੀ ਰਹੀ ਹੈ। ਇਸ ਲਈ ਬੀਐੱਸਐੱਫ ਇਥੇ ਹਮੇਸ਼ਾ ਚੌਕਸ ਰਹਿੰਦੀ ਹੈ।