ਜੇਐੱਨਐੱਨ, ਅੰਮ੍ਰਿਤਸਰ : BSF ਨੇ ਭਾਰਤੀ ਸਰਹੱਦ 'ਚ ਪ੍ਰਵੇਸ਼ ਕਰ ਰਹੇ ਇਕ ਪਾਕਿ ਘੁਸਪੈਠੀਏ ਨੂੰ ਸਰਹੱਦ 'ਤੇ ਮਾਰ ਦਿੱਤਾ। ਭਾਰਤ-ਪਾਕਿ ਸਰਹੱਦ ਅਟਾਰੀ 'ਤੇ 88 ਬਟਾਲੀਅਨ ਬੀਓਪੀ ਮੋਰਾ ਇਲਾਕੇ 'ਚ ਬੀਐੱਸਐੱਫ ਦੇ ਜਵਾਨ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਵਾਨਾਂ ਨੇ ਸਰਹੱਦ 'ਤੇ ਹਲਚਲ ਦੇਖੀ। ਉਨ੍ਹਾਂ ਘੁਸਪੈਠੀਏ ਨੂੰ ਰੁਕਣ ਲਈ ਕਿਹਾ ਪਰ ਉਹ ਅੱਗੇ ਵਧਦਾ ਰਿਹਾ। ਇਸ ਤੋਂ ਬਾਅਦ ਜਵਾਨਾਂ ਨੇ ਗੋਲ਼ੀਆਂ ਚੱਲਾ ਦਿੱਤੀਆਂ ਤੇ ਘੁਸਪੈਠੀਏ ਦੀ ਮੌਕੇ 'ਤੇ ਮੌਤ ਹੋ ਗਈ। ਮਾਮਲਾ ਐਤਵਾਰ ਤੜਕੇ 5.30 ਵਜੇ ਦਾ ਹੈ। ਬੀਐੱਸਐੱਫ 'ਤੇ ਪੰਜਾਬ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਘੁਸਪੈਠੀਆ ਕਿਸ ਉਦੇਸ਼ ਨਾਲ ਭਾਰਤੀ ਸਰਹੱਦ 'ਚ ਦਾਖ਼ਲ ਹੋਇਆ ਸੀ।

ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਨਸ਼ਾ ਸਮੱਗਲਿੰਗ ਕੀਤੀ ਜਾਂਦੀ ਰਹੀ ਹੈ। ਇੱਥੇ ਪਾਕਿਸਤਾਨ ਵੱਲ਼ੋਂ ਆਈ ਹੈਰੋਇਨ ਅਕਸਰ ਬਰਾਮਦ ਹੁੰਦੀ ਰਹਿੰਦੀ ਹੈ। ਦੋ ਦਿਨ ਪਹਿਲਾਂ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ 'ਚ ਸੁੱਟੀ ਹੈਰੋਇਨ ਬਰਾਮਦ ਕੀਤੀ ਸੀ। ਇਸ ਦੌਰਾਨ ਪਾਕਿ ਤਸਕਰਾਂ ਨੇ ਗੋਲ਼ੀਆਂ ਵੀ ਚਲਾਈਆਂ। ਜਵਾਨਾਂ ਵੱਲੋਂ ਫਾਇਰਿੰਗ ਕਰਨ ਤੋਂ ਬਾਅਦ ਤਸਕਰ ਭੱਜ ਗਏ।

ਬੀਐੱਸਐੱਫ ਵੱਲੋਂ ਜਵਾਨ ਬੁੱਧਵਾਰ ਰਾਤ ਕਰੀਬ ਡੇਢ ਵਜੇ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਬੀਓਪੀ ਰਤੋਕੇ ਕੋਲ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਕੁਝ ਹਲਚਲ ਦੇਖੀ। ਜਵਾਨਾਂ ਨੇ ਚਿਤਾਵਨੀ ਦਿੱਤੀ ਸੀ ਕਿ ਪਾਕਿਸਤਾਨ ਵੱਲੋਂ ਤਸਕਰਾਂ ਨੇ ਤਿੰਨ ਫਾਇਰ ਕੀਤੇ। ਇਸ 'ਤੇ ਜਵਾਨਾਂ ਨੇ ਵੀ ਦੋ ਰਾਊਂਡ ਫਾਇਰ ਕੀਤੇ। ਕੁਝ ਦੇਰ ਬਾਅਦ ਉੱਥੇ ਸਰਚ ਮੁਹਿੰਮ ਚਲਾਈ ਤਾਂ ਦੋ ਪੈਕੇਟ ਹੈਰੋਇਨ ਬਰਾਮਦ ਹੋਈ। ਇਸ ਦੀ ਮਾਤਰਾ 890 ਗ੍ਰਾਮ ਸੀ। ਪਿਛਲੇ ਹਫ਼ਤੇ ਵੀ ਬੀਐੱਸਐੱਫ ਜਵਾਨਾਂ ਨੇ ਪਾਕਿ ਤਸਕਰਾਂ ਵੱਲੋਂ ਭਾਰਤੀ ਸਰਹੱਦ 'ਚ ਸੁੱਟੀ ਗਈ ਨੌਂ ਕਿੱਲੋ ਹੈਰੋਇਨ ਬਰਾਮਦ ਕੀਤੀ ਸੀ।

Posted By: Seema Anand