ਜੇਐੱਨਐੱਨ, ਅੰਮਿ੍ਤਸਰ: ਭਾਰਤ-ਪਾਕਿਸਤਾਨ ਸਰਹੱਦ 'ਤੇ ਕੋਹਰੇ ਦੀ ਫੈਲ ਰਹੀ ਚਾਦਰ ਨੂੰ ਵੇਖਦਿਆਂ ਹੋਇਆਂ ਪਾਕਿ ਨੇ ਲੰਘੇ ਸੋਮਵਾਰ ਦੀ ਰਾਤ ਇਕ ਵਜੇ ਅਜਨਾਲਾ ਸੈਕਟਰ ਸਥਿਤ ਬਾਰਡਰ ਆਬਜ਼ਰਵਿੰਗ ਪੋਸਟ (ਬੀਓਪੀ) ਕੋਟ ਰਜਾਦਾ ਵਿਚ ਬੀਐੱਸਐੱਫ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ 'ਤੇ 70 ਰਾਉਂਡ ਫਾਇਰ ਕਰ ਕੇ ਉਸ ਨੂੰ ਡੇਗਣ ਦਾ ਯਤਨ ਕੀਤਾ। ਜਦਕਿ ਡਰੋਨ ਕੋਹਰੇ ਤੇ ਰਾਤ ਦੇ ਹਨੇਰੇ ਦਾ ਫ਼ਾਇਦਾ ਲੈਂਦਿਆਂ ਹੋਇਆਂ ਵਾਪਸ ਪਰਤ ਗਿਆ।

ਬੀਐੱਸਐੱਫ ਦੇ ਅਫ਼ਸਰਾਂ ਦੇ ਹੁਕਮ 'ਤੇ ਰਮਦਾਸ, ਅਜਨਾਲਾ ਤੇ ਲੋਪੋਕੇ ਪੁਲਿਸ ਦੇ ਨਾਲ ਮਿਲ ਕੇ ਘਟਨਾ ਵਾਲੀ ਥਾਂ 'ਤੇ ਮੰਗਲਵਾਰ ਸਵੇਰੇ ਤਲਾਸ਼ੀ ਮੁਹਿੰਮ ਚਲਾਈ। ਡੀਐੱਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਹੈਰੋਇਨ ਜਾਂ ਹਥਿਆਰਾਂ ਦੀ ਖੇਪ ਬਰਾਮਦ ਨਹੀਂ ਹੋਈ।

ਜਾਣਕਾਰੀ ਮੁਤਾਬਕ ਬੀਐੱਸਐੱਫ ਦੀ 73 ਬਟਾਲੀਅਨ ਦੇ ਜਵਾਨ ਸੋਮਵਾਰ ਦੀ ਰਾਤ ਇਕ ਵਜੇ ਕੰਡਿਆਲੀ ਤਾਰ ਲਾਗੇ ਰਮਦਾਸ ਥਾਣੇ ਤਹਿਤ ਪੈਂਦੇ ਬੀਓਪੀ ਕੋਟ ਰਜਾਦਾ ਲਾਗੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਕੋਹਰੇ ਵਿਚਾਲੇ ਜਵਾਨਾਂ ਨੇ ਹਵਾ ਵਿਚ ਡਰੋਨ ਦੀ ਅਵਾਜ਼ ਸੁਣੀ। ਜਵਾਨਾਂ ਨੇ ਤੁਰੰਤ ਡਰੋਨ ਹੇਠਾਂ ਡੇਗਣ ਲਈ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਦਕਿ ਹਨੇਰੇ ਵਿਚ ਡਰੋਨ ਚੱਕਰ ਕੱਟਦਾ ਹੋਇਆ ਵਾਪਸ ਪਰਤ ਗਿਆ। ਬੀਐੱਸਐੱਫ ਨੂੰ ਖ਼ਦਸ਼ਾ ਹੈ ਕਿ ਡਰੋਨ ਜ਼ਰੀਏ ਆਈਐੱਸਆਈ ਨੇ ਭਾਰਤੀ ਇਲਾਕੇ ਵਿਚ ਹਥਿਆਰਾਂ ਦੀ ਖੇਪ ਸੁੱਟੀ ਹੈ। ਮੰਗਲਵਾਰ ਸਵੇਰੇ ਬੀਐੱਸਐੱਫ ਨੇ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਤਿੰਨ ਘੰਟਿਆਂ ਤੋਂ ਵੀ ਵੱਧ ਤਲਾਸ਼ੀ ਮੁਹਿੰਮ ਚਲਾਈ ਜਦਕਿ ਕੋਈ ਬਰਾਮਦਗੀ ਨਹੀਂ ਹੋਈ।

ਦਰਿਆ ਰਸਤੇ ਘੁੰਮਰਾਏ ਪਿੰਡ ਪੁੱਜੀ ਸੀ ਬੋਤਲਬੰਦ ਹੈਰੋਇਨ

ਤਿੰਨ ਦਿਨ ਪਹਿਲਾਂ ਦੋ ਵਾਰ ਫੜੀ ਗਈ ਸਾਢੇ ਚਾਰ ਕਿੱਲੋ ਹੈਰੋਇਨ (ਬੋਤਲਬੰਦ) ਦਰਿਆ ਦੇ ਰਸਤੇ ਪਾਕਿਸਤਾਨੀ ਸਮੱਗਲਰਾਂ ਨੇ ਭਾਰਤ ਘੱਲੀ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਪਾਕਿਸਤਾਨ ਤੋਂ ਘੁੰਮਰਾਏ ਪਿੰਡ ਵਿਚ ਵਗਦੇ ਰਾਵੀ ਦਰਿਆ ਦਾ ਪਸਾਰ ਚੌੜਾ ਹੈ।

ਪਾਕਿਸਤਾਨ ਵਿਚ ਵੱਡੀ ਗਿਣਤੀ ਵਿਚ ਮਛੇਰੇ ਸਰਗਰਮ ਹਨ। ਉਨ੍ਹਾਂ ਮਛੇਰਿਆਂ ਦੀ ਆੜ ਵਿਚ ਸਮੱਗਲਰ ਬੋਤਲ ਵਿਚ ਭੇਜ ਕੇ ਹੈਰੋਇਨ ਨੂੁੰ ਕਬਜ਼ੇ ਵਿਚ ਲੈ ਕੇ ਟਿਕਾਣੇ ਲਾਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਬੀਐੱਸਐੱਫ ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨੀ ਸਮੱਗਲਰਾਂ ਦੇ ਨਾਪਾਕ ਇਰਾਦਿਆਂ 'ਤੇ ਪਾਣੀ ਫੇਰਣ ਵਾਲੀ ਹੈ। ਯਾਦ ਰਹੇ ਸਤੰਬਰ 2019 ਵਿਚ ਆਈਐੱਸਆਈ ਡਰੋਨ ਦੇ ਜ਼ਰੀਏ ਏਕੇ ਟਾਈਪ ਦੀਆਂ ਰਾਈਫਲਾਂ, ਗੋਲੀ ਸਿੱਕਾ ਤੇ ਮੈਗਜ਼ੀਨ ਭਾਰੀ ਮਿਕਦਾਰ ਵਿਚ ਭੇਜ ਚੁੱਕੀ ਹੈ। ਇਹ ਖੇਪ ਸੁਰੱਖਿਆ ਏਜੰਸੀਆਂ ਨੇ ਬਰਾਮਦ ਕਰ ਲਈ ਸੀ। ਪੁਲਿਸ ਨੇ ਕ੍ਰੈਸ਼ ਡਰੋਨ ਵੀ ਬਰਾਮਦ ਕੀਤਾ ਸੀ।