ਜੇਐੱਨਐੱਨ, ਅੰਮਿ੍ਤਸਰ : 2.61 ਕਰੋੜ ਦੇ ਗਹਿਣਿਆਂ ਦੀ ਠੱਗੀ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਲਤਾਨਵਿੰਡ ਰੋਡ ਨਿਵਾਸੀ ਪਰਮਿੰਦਰ ਸਿੰਘ ਉਰਫ਼ ਸੰਨੀ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਕਿੱਤੇ ਖੇਤਰ 'ਚ ਗਹਿਣਾ ਕਾਰੋਬਾਰੀ ਸ਼ਾਮ ਸੁੰਦਰ ਨਾਲ ਕੀਤੀ ਗਈ ਉਕਤ ਠੱਗੀ ਤੋਂ ਤੁਰੰਤ ਬਾਅਦ ਪੁਲਿਸ ਨੇ ਐੱਫਆਈਆਰ ਦਰਜ ਕਰਦਿਆਂ ਪਰਮਿੰਦਰ ਸਿੰਘ ਖ਼ਿਲਾਫ਼ ਐੱਲਓਸੀ (ਲੁਕ ਆਊਟ ਕਾਰਨਰ) ਵੀ ਜਾਰੀ ਕਰ ਦਿੱਤਾ ਸੀ। ਬੀ ਡਵੀਜ਼ਨ ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਜਦਕਿ ਪਰਮਿੰਦਰ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ।

ਤਹਿਸੀਲਪੁਰਾ ਦੀ ਗਲੀ ਨੰਬਰ 6 ਨਿਵਾਸੀ ਸ਼ਾਮ ਸੁੰਦਰ ਨੇ ਦੱਸਿਆ ਕਿ ਉਹ ਸੁਲਤਾਨਵਿੰਡ ਰੋਡ ਸਥਿਤ ਕਿੱਤੇ ਇਲਾਕੇ 'ਚ ਐੱਮਕੇ ਜਿਊਲਰਜ਼ ਨਾਂ ਤੋਂ ਕਾਰੋਬਾਰ ਕਰਦੇ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਸੁਲਤਾਨਵਿੰਡ ਰੋਡ ਸਥਿਤ ਤੇਜ ਨਗਰ ਨਿਵਾਸੀ ਪਰਮਿੰਦਰ ਸਿੰਘ ਉਰਫ਼ ਸੰਨੀ ਤੇ ਉਸਦੇ ਪਿਤਾ ਪਰਮਜੀਤ ਸਿੰਘ ਨਾਲ ਹੋਈ ਸੀ। ਦੋਵੇਂ ਮੁਲਜ਼ਮ ਪਿਓ-ਪੁੱਤ ਗਹਿਣਿਆਂ ਦਾ ਕਾਰੋਬਾਰ ਕਰਦੇ ਸਨ।

ਉਨ੍ਹਾਂ ਨੇ ਕਿੱਤੇ ਖੇਤਰ ਦੇ ਕਈ ਦੁਕਾਨਦਾਰਾਂ ਤੋਂ ਲੱਖਾਂ ਰੁਪਏ ਦਾ ਸੋਨਾ ਕਾਰੋਬਾਰ ਕਰਨ ਲਈ ਲਿਆ ਹੋਇਆ ਸੀ। ਲਗਪਗ ਛੇ ਮਹੀਨੇ ਪਹਿਲਾਂ ਦੋਵੇਂ ਪਿਓ ਪੁੱਤ ਨੇ ਉਨ੍ਹਾਂ ਤੋਂ 2.61 ਕਰੋੜ ਦਾ ਸੋਨਾ ਆਪਣੇ ਕਾਰੋਬਾਰ 'ਚ ਲਗਵਾ ਲਿਆ ਸੀ। ਮੁਲਜ਼ਮਾਂ ਨੇ ਦੱਸਿਆ ਕਿ ਉਹ ਹੌਲੀ ਹੌਲੀ ਉਨ੍ਹਾਂ ਦੇ ਪੈਸਿਆਂ ਦਾ ਭੁਗਤਾਨ ਕਰਦੇ ਰਹਿਣਗੇ। ਪਰ ਅਕਤੂਬਰ 2019 'ਚ ਉਨ੍ਹਾਂ ਨੂੰ ਪਿਓ-ਪੁੱਤ ਦੀ ਨੀਅਤ 'ਤੇ ਸ਼ੱਕ ਹੋਣ ਲੱਗਾ।

ਇਲਾਕੇ ਦੇ ਲੋਕਾਂ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਇੱਥੇ ਸਭ ਕੁਝ ਵੇਚ ਕੇ ਫਰਾਰ ਹੋਣ ਵਾਲੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਬੀ ਡਵੀਜ਼ਨ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਸ਼ਿਕਾਇਤ ਮਿਲਦੇ ਹੀ ਐੱਫਆਈਆਰ ਦਰਜ ਕੀਤੀ। ਪਰ ਮੁਲਜ਼ਮ ਪੁਲਿਸ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਫਰਾਰ ਹੋ ਚੁੱਕੇ ਸਨ। ਇਸ ਦਰਮਿਆਨ ਦੋਵਾਂ ਮੁਲਜ਼ਮਾਂ ਨੇ ਸੈਸ਼ਨ ਕੋਰਟ 'ਚ ਜ਼ਮਾਨਤ ਦੀਆਂ ਅਰਜ਼ੀਆਂ ਦਾਖ਼ਲ ਕੀਤੀਆਂ ਸਨ, ਜੋ ਖ਼ਾਰਜ ਹੋ ਚੁੱਕੀਆਂ ਸਨ। ਕੁਝ ਦਿਨ ਪਹਿਲਾਂ ਪੁਲਿਸ ਨੇ ਪਰਮਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ।

ਪਰਮਿੰਦਰ ਸਿੰਘ ਦੇ ਵਿਦੇਸ਼ ਭੱਜਣ ਦੇ ਖ਼ਤਰੇ ਨੂੰ ਵੇਖਦਿਆਂ ਪੁਲਿਸ ਨੇ ਪਰਮਿੰਦਰ ਸਿੰਘ ਖ਼ਿਲਾਫ਼ ਐੱਲਓਸੀ ਜਾਰੀ ਕਰਵਾ ਦਿੱਤੀ ਸੀ। ਕੁਝ ਦਿਨ ਪਹਿਲਾਂ ਪਰਮਿੰਦਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਲੈਣ ਲਈ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਨੂੰ ਹਾਈ ਕੋਰਟ ਨੇ ਖ਼ਾਰਜ ਕਰ ਦਿੱਤਾ।

ਪੀੜਤ ਪਰਿਵਾਰ ਨਾਲ ਰਾਜਪੂਤ ਸਰਾਫਾ ਐਸੋਸੀਏਸ਼ਨ ਦੇ ਪ੍ਰਧਾਨ ਕਰਨ ਸਹਿਦੇਵ, ਮੁਖਤਾਰ ਸਿੰਘ, ਮਨੀਸ਼ ਚੌਹਾਨ, ਰਛਪਾਲ ਸਿੰਘ ਨੇ ਪੁਲਿਸ ਕਮਿਸ਼ਨਰ ਤੋਂ ਗੁਹਾਰ ਲਗਾਈ ਹੈ ਕਿ ਉਕਤ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਕੇ ਠੱਗਿਆ ਹੋਇਆ ਸੋਨਾ ਛੇਤੀ ਬਰਾਮਦ ਕੀਤਾ ਜਾਵੇ।

ਭੇਤੀ ਦੇ ਰਿਹਾ ਸੀ ਪਰਮਿੰਦਰ ਨੂੁੰ ਸੂਚਨਾ

ਵਕੀਲ ਰਾਜਨ ਸ਼ਰਮਾ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਤੁਰੰਤ ਬਾਅਦ ਪੁਲਿਸ ਪਰਮਿੰਦਰ ਨੂੰ ਗਿ੍ਫ਼ਤਾਰ ਕਰਨ ਲਈ ਨਿਕਲ ਪਈ ਸੀ। ਪੀੜਤ ਪਰਿਵਾਰ ਨੇ ਇਕ ਹੀ ਦਿਨ 'ਚ ਮੁਲਜ਼ਮ ਪਿਓ ਪੁੱਤਰ ਖ਼ਿਲਾਫ਼ ਐੱਫਆਈਆਰ ਵੀ ਦਰਜ ਕਰਵਾ ਦਿੱਤੀ ਸੀ। ਪਰ ਇਕ ਭੇਤੀ ਪੀੜਤ ਪਰਿਵਾਰ ਤੇ ਪੁਲਿਸ ਦੀ ਹਰੇਕ ਸਰਗਰਮੀ ਦੀ ਜਾਣਕਾਰੀ ਪਰਮਿੰਦਰ ਸਿੰਘ ਨੂੰ ਦੇ ਰਿਹਾ ਸੀ। ਪੁਲਿਸ ਮੁਤਾਬਕ ਮੁਲਜ਼ਮ ਦੀ ਆਖ਼ਰੀ ਲੋਕੇਸ਼ਨ ਦਿੱਲੀ ਦੱਸੀ ਜਾ ਰਹੀ ਸੀ। ਮਾਮਲਾ ਦਰਜ ਹੁੰਦੇ ਹੀ ਉਸ ਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ।