ਰਮੇਸ਼ ਰਾਮਪੁਰਾ, ਅੰਮ੍ਰਿਤਸਰ : ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰੀ, ਡਾ. ਰਮੇਸ਼ ਪੋਖਰਿਆਲ ਨਿਸ਼ੰਕ ਵੱਲੋਂ ਆਨਲਾਈਨ ਹੋ ਕੇ ਦੇਸ਼ ਦੀਆਂ 45000 ਤੋਂ ਵੱਧ ਵਿਦਿਅਕ ਸੰਸਥਾਵਾਂ ਨਾਲ ਰਚਾਏ ਗਏ ਸੰਵਾਦ ਨੂੰ ਉਚੇਰੀ ਸਿੱਖਿਆ ਦੇ ਖੇਤਰ 'ਚ ਨਵੀਂ ਦਿਸ਼ਾ ਲੈ ਕੇ ਆਉਣ ਵਾਲਾ ਕਰਾਰ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਦੱਸੇ ਗਏ ਰਸਤੇ 'ਤੇ ਚੱਲ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਮੌਜੂਦਾ ਔਖੇ ਹਾਲਾਤ ਦੇ ਬਾਵਜੂਦ ਉਚੇਰੀ ਸਿਖਿਆ ਦੇ ਖੇਤਰ ਵਿਚ ਬੁਲੰਦੀਆਂ 'ਤੇ ਲਿਜਾਇਆ ਜਾਵੇਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਲਟੀਮੀਡੀਆ ਰੂਮ ਵਿਚ ਕੇਂਦਰੀ ਮੰਤਰੀ ਦੇ ਨਾਲ ਸੰਵਾਦ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਪ੍ਰੋ. ਹਰਦੀਪ ਸਿੰਘ ਆਦਿ ਅਧਿਕਾਰੀ ਮੌਜੂਦ ਸਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਦੇ ਪ੍ਰਿੰਸੀਪਲ, ਵਿਭਾਗ ਦੇ ਮੁਖੀ, ਅਧਿਆਪਕ ਅਤੇ ਵੱਖ ਵੱਖ ਅਧਿਕਾਰੀ ਵੀ ਆਨਲਾਈਨ ਇਸ ਸੰਵਾਦ ਦਾ ਹਿੱਸਾ ਸਨ। ਇਸ ਦੌਰਾਨ ਕੇਂਦਰੀ ਮੰਤਰੀ ਡਾ. ਨਿਸ਼ਾਂਕ ਨੇ ਕਿਹਾ ਕਿ ਦੇਸ਼ ਦੀਆਂ 100 ਯੂਨੀਵਰਸਿਟੀਆਂ ਵਿਚ ਆਨਲਾਈਨ ਸਿੱਖਿਆ ਨੂੰ ਪ੍ਰਫੁਲਿਤ ਕਰਨ ਲਈ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਇਸ ਦੇ ਲਈ ਯੂਜੀਸੀ ਵੱਲੋਂ ਮਾਪਦੰਡ ਤੈਅ ਕੀਤੇ ਜਾਣਗੇ ਜਿਨ੍ਹਾਂ ਵਿਚ ਦੇਸ਼ ਦੀਆਂ ਇਹ ਯੂਨੀਵਰਸਿਟੀਆਂ ਸ਼ਾਮਲ ਹੋਣਗੀਆਂ।

ਵਿਦਿਆਰਥੀਆਂ ਦੀ ਸੁਰੱਖਿਆ ਲਈ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਜਦੋਂ ਅਗਸਤ ਸਤੰਬਰ ਵਿਚ ਇਮਤਿਹਾਨ ਅਤੇ ਨਵੇਂ ਵਿਦਿਅਕ ਸੈਸ਼ਨ ਸ਼ੁਰੂ ਹੋਣਗੇ ਉਨ੍ਹਾਂ ਦੇ ਵਿਚ ਯੂਜੀਸੀ ਨਿਰਦੇਸ਼ਾਂ ਅਨੁਸਾਰ ਨਿਯਮਾਂ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਹਾਲਾਤ ਤੇ ਚੁਣੌਤੀਆਂ ਵਿਚੋਂ ਜੋ ਨਵੇਂ ਰਸਤੇ ਤਲਾਸ਼ ਕੇ ਸਿੱਖਿਆ ਨੂੰ ਨਵੀਂ ਦਿਸ਼ਾ ਦਿੱਤੀ ਗਈ ਹੈ, ਉਸ ਦੇ ਲਈ ਅਧਿਆਪਕਾਂ ਨੂੰ ਕੋਰੋਨਾ ਯੋਧੇ ਕਿਹਾ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸੰਦਰਭ ਵਿਚ ਹੋਰ ਵੀ ਸੰਭਾਵਨਾਵਾਂ ਨੂੰ ਤਲਾਸ਼ਣ ਦੀ ਲੋੜ ਹੈ।

Posted By: Seema Anand