ਰਾਕੇਸ਼ ਗਾਂਧੀ, ਜਲੰਧਰ

ਬੱਸ ਸਟੈਂਡ ਫਲਾਈਓਵਰ ਹੇਠਾਂ ਟੂਰ ਐਂਡ ਟ੍ਰੈੱਵਲ ਕੰਪਨੀ ਦੇ ਨੌਜਵਾਨਾਂ ਵੱਲੋਂ ਸ਼ਰਾਬ ਪੀਣ ਤੋਂ ਬਾਅਦ ਹੋਈ ਬਹਿਸ ਤੋਂ ਬਾਅਦ ਆਟੋ ਚਲਾਉਣ ਵਾਲੇ ਇੱਕ ਨੌਜਵਾਨ ਦੇ ਭਰਾ 'ਤੇ ਗੋਲ਼ੀਆਂ ਚਲਾ ਦਿੱਤੀਆਂ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਫਲਾਈਓਵਰ ਹੇਠਾਂ ਸਥਿਤ ਅਰਮਾਨ ਟੂਰ ਐਂਡ ਟ੍ਰੈੱਵਲ ਕੰਪਨੀ ਦੇ ਮਾਲਕ ਤੇ ਕਰਿੰਦੇ ਆਪਣੇ ਦਫਤਰ ਦੇ ਬਾਹਰ ਬੈਠ ਕੇ ਸ਼ਰਾਬ ਪੀ ਰਹੇ ਸਨ ਇਸ ਦੌਰਾਨ ਉਨ੍ਹਾਂ ਦਾ ਪੁਲ ਹੇਠਾਂ ਆਟੋ ਕੋਲ ਖੜ੍ਹੇ ਨੌਜਵਾਨਾਂ ਨਾਲ ਵਿਵਾਦ ਹੋ ਗਿਆ। ਟੂਰ ਐਂਡ ਟ੍ਰੈੱਵਲ ਕੰਪਨੀ ਦੇ ਨੌਜਵਾਨਾਂ ਨੇ ਉੱਥੇ ਚਾਰ ਪੰਜ ਫਾਇਰ ਕਰ ਦਿੱਤੇ ਜਿਨ੍ਹਾਂ ਵਿਚੋਂ ਇਕ-ਦੋ ਗੋਲ਼ੀਆਂ ਆਟੋ ਚਾਲਕ ਪਵਨ ਦੇ ਭਰਾ ਲੱਕੀ ਗਿੱਲ ਵਾਸੀ ਅਰਜੁਨ ਨਗਰ ਦੇ ਲੱਗੀਆਂ। ਲੱਕੀ ਗਿੱਲ ਸ਼ਾਮ ਵੇਲੇ ਆਪਣੇ ਭਰਾ ਪਵਨ ਕੋਲ ਆ ਜਾਂਦਾ ਸੀ। ਲੱਕੀ ਗਿੱਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੋਲ਼ੀਆਂ ਚਲਾਉਣ ਤੋਂ ਬਾਅਦ ਸਾਰੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਸੁਹੇਲ ਕਾਸਿਮ ਮੀਰ, ਏਸੀਪੀ ਗੁਰਪ੍ਰਰੀਤ ਸਿੰਘ ਤੇ ਥਾਣਾ-6 ਦੇ ਮੁਖੀ ਸੁਰਜੀਤ ਸਿੰਘ ਪੁਲਿਸ ਸਮੇਤ ਮੌਕੇ 'ਤੇ ਪੁੱਜੇ ਤੇ ਜ਼ਖਮੀ ਵਿੱਕੀ ਗਿੱਲ ਨੂੰ ਹਸਪਤਾਲ ਪਹੁੰਚਾਇਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੂੰ ਮੌਕੇ ਤੋਂ ਦੋ ਖੋਲ ਵੀ ਬਰਾਮਦ ਹੋਏ ਹਨ। ਏਡੀਸੀਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਗੋਲੀ ਚਲਾਉਣ ਵਾਲਿਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੋਲ਼ੀ ਚਲਾਉਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।