<

p> ਮਦਨ ਲਾਲ, ਸ਼ਾਹਬਾਜਪੁਰ : ਹਸਪਤਾਲ 'ਚ ਦਾਖ਼ਲ ਬੀਮਾਰ ਪਤਨੀ ਦਾ ਪਤਾ ਲੈਣ ਜਾ ਰਹੇ ਪਤੀ ਦੀ ਤੇਜ਼ ਰਫ਼ਤਾਰ ਟੈਂਪੂ ਨਾਲ ਟੱਕਰ ਹੋ ਜਾਣ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਮੌਕੇ ਪੁੱਜੀ ਚੌਂਕੀ ਮਾਣੋਚਾਹਲ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਟੈਂਪੂ ਚਾਲਕ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਹੈ।

ਜਾਣਕਾਰੀ ਅਨੁਸਾਰ ਗੁਰਮੇਜ ਸਿੰਘ ਵਾਸੀ ਪਿੰਡ ਸੁੱਗਾ ਦੀ ਪਤਨੀ ਪੱਟੀ ਹਸਪਤਾਲ ਵਿਖੇ ਦਾਖ਼ਲ ਸੀ, ਜਿਸ ਦਾ ਪਤਾ ਲੈਣ ਲਈ ਗੁਰਮੇਜ ਸਿੰਘ ਆਪਣੇ ਮੋਟਰ ਸਾਈਕਲ 'ਤੇ ਪੱਟੀ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਕਮਾਲਪੁਰ ਨੇੜੇ ਪੁੱਜਾ ਤਾਂ ਟਾਇਲਾਂ ਲੱਦ ਕੇ ਤਰਨਤਾਰਨ ਤੋਂ ਪਿੰਡ ਸੁੱਗਾ ਜਾ ਰਹੇ ਟੈਂਪੂ ਦੇ ਚਾਲਕ ਨੇ ਲਾਪਰਵਾਹੀ ਨਾਲ ਗੁਰਮੇਜ ਸਿੰਘ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਗੁਰਮੇਜ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਮਾਣੋਚਾਹਲ ਚੌਂਕੀ ਇੰਚਾਰਜ ਗੁਰਵੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਟੈਂਪੂ ਚਾਲਕ ਜਗਰੂਪ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ ਤਰਨਤਾਰਨ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।