ਰਾਜਨ ਮਹਿਰਾ, ਅੰਮਿ੍ਤਸਰ : ਅਯੋਧਿਆ ਵਿਚ ਸ਼੍ਰੀ ਰਾਮ ਮੰਦਰ ਦੀ ਉਸਾਰੀ ਲਈ ਜਿੱਥੇ ਦੇਸ਼ ਭਰ ਵਿੱਚੋਂ ਲੋਕ ਯੋਗਦਾਨ ਦੇ ਰਹੇ ਹਨ, ਉਥੇ ਇਤਿਹਾਸਕ ਤੀਰਥ ਸਥਾਨ ਸ੍ਰੀ ਦੁਰਗਿਆਣਾ ਤੀਰਥ ਮੰਦਰ ਕਮੇਟੀ ਦੇ ਪ੍ਰਧਾਨ ਵਕੀਲ ਰਮੇਸ਼ ਚੰਦਰ ਸ਼ਰਮਾ ਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਯੋਗਦਾਨ ਪਾਉਂਦੇ ਹੋਏ ਇਕ ਕਰੋੜ 1100 ਰੁਪਏ ਦਾ ਚੈੱਕ ਬਤੌਰ ਯੋਗਦਾਨ ਰਾਸ਼ੀ, ਆਰਐੱਸਐੱਸ ਦੇ ਪ੍ਰਚਾਰਕ ਰਾਮੇਸ਼ਵਰ ਦੇ ਜ਼ਰੀਏ ਅਯੋਧਿਆ ਸ਼੍ਰੀ ਰਾਮ ਜਨਮਭੂਮੀ ਸ਼੍ਰੀ ਰਾਮ ਮੰਦਰ ਉਸਾਰੀ ਲਈ ਭੇਜੇ ਹਨ। ਇਸ ਦੌਰਾਨ ਖ਼ਾਸ ਤੌਰ 'ਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਪ੍ਰੋ. ਲਕਸ਼ਮੀਕਾਂਤਾ ਚਾਵਲਾ ਪੁੱਜੇ।

ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਯੋਧਿਆ ਦੇ ਸ੍ਰੀ ਰਾਮ ਮੰਦਰ ਦੇ ਨਾਲ ਪੂਰੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ ਤੇ ਮੰਦਰ ਉਸਾਰੀ ਲਈ ਹਰੇਕ ਵਿਅਕਤੀ ਨੂੰ ਅੱਗੇ ਆ ਕੇ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਮੰਦਰ ਦੀ ਉਸਾਰੀ ਛੇਤੀ ਹੋ ਸਕੇ।

ਉਨ੍ਹਾਂ ਕਿਹਾ ਕਿ ਸ੍ਰੀ ਦੁਰਗਿਆਣਾ ਮੰਦਰ ਕਮੇਟੀ ਹਮੇਸ਼ਾਂ ਮੰਦਰਾਂ ਲਈ ਯੋਗਦਾਨ ਦਿੰਦੀ ਆ ਰਹੀ ਹੈ ਤੇ ਸ੍ਰੀ ਰਾਮ ਜਨਮ ਭੂਮੀ ਵਿਚ ਮੰਦਰ ਦੀ ਉਸਾਰੀ ਲਈ ਦਾਨੀ ਸੱਜਣਾਂ, ਸਭਾਵਾਂ, ਸੋਸਾਇਟੀਆਂ ਨੂੰ ਅੱਗੇ ਆ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਸ਼ਰਮਾ ਨੇ ਕਿਹਾ ਕਿ ਸ੍ਰੀ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਪੂਰੇ ਦੇਸ਼ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ ਤੇ ਪਿਛਲੇ ਲੰਮੇਂ ਅਰਸੇ ਤੋਂ ਲੋਕ, ਮੰਦਰ ਉਸਾਰੀ ਦੀ ਉਡੀਕ ਕਰ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਰ ਦੀ ਉਸਾਰੀ ਪੂਰੇ ਦੇਸ਼ ਲਈ ਇਤਿਹਾਸਕ ਹੋਵੇਗੀ। ਇਸ ਦੌਰਾਨ ਮੈਨੇਜਰ ਰਾਜ ਵਧਵਾ, ਵਿੱਤ ਸਕੱਤਰ ਇੰਜੀਨੀਅਰ ਰਮੇਸ਼ ਸ਼ਰਮਾ, ਪਿਆਰੇ ਲਾਲ ਸੇਠ, ਵਿਪਨ ਚੋਪੜਾ, ਅਨਿਲ ਸ਼ਰਮਾ, ਹਰੀਸ਼ ਤਨੇਜਾ, ਨੰਦ ਲਾਲ ਸ਼ਰਮਾ, ਸੁਰਿੰਦਰ ਸ਼ਰਮਾ ਤੇ ਅਸ਼ਵਨੀ ਸ਼ਰਮਾ ਆਦਿ ਹਾਜ਼ਰ ਸਨ।