ਬਲਜੀਤ ਸਿੰਘ ਬੱਲ, ਫਤਾਹਪੁਰ : ਥਾਣਾ ਗੇਟ ਹਕੀਮਾਂ ਅਧੀਨ ਪੈਂਦੀ ਪੁਲਿਸ ਚੌਕੀ ਅੰਨਗੜ੍ਹ ਨੇ ਇਕ ਤਸਕਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਚੌਕੀ ਅੰਨਗੜ੍ਹ ਦੇ ਇੰਚਾਰਜ ਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਥਾਣਾ ਗੇਟ ਹਕੀਮਾਂ ਦੇ ਐੱਸਐੱਚਓ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਬੀਤੇ ਦਿਨ ਉਨ੍ਹਾਂ ਨੇ ਸਾਥੀ ਮੁਲਾਜ਼ਮਾਂ ਨਾਲ ਅੰਨਗੜ੍ਹ ਗੰਦੇ ਨਾਲੇ ਦੇ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਮੁਖ਼ਬਰ ਦੀ ਸੂਚਨਾ 'ਤੇ ਛਾਪੇਮਾਰੀ ਕਰ ਕੇ ਮਨਦੀਪ ਸਿੰਘ ਉਰਫ਼ ਸਾਬਾ ਉਰਫ਼ ਸੇਠੀ ਵਾਸੀ ਗਲੀ ਘੁਮਿਆਰਾਂ ਵਾਲੀ ਨੂੰ ਹਿਰਾਸਤ ਵਿਚ ਲੈ ਕੇ 127 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਚੌਕੀ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਖ਼ਿਲਾਫ਼ ਥਾਣਾ ਗੇਟ ਹਕੀਮਾਂ ਵਿਚ ਹੈਰੋਇਨ ਵੇਚਣ ਦੇ ਦੋਸ਼ ਵਿਚ ਇਕ ਮਾਮਲਾ ਪਹਿਲਾਂ ਵੀ ਦਰਜ ਹੈ। ਇਸ ਸਬੰਧੀ ਥਾਣਾ ਗੇਟ ਹਕੀਮਾਂ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰਵਾ ਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।