ਪੰਜਾਬੀ ਜਾਗਰਣ ਟੀਮ, ਅੰਮਿ੍ਤਸਰ : ਰਣਜੀਤ ਐਵੀਨਿਊ ਸਥਿਤ ਨਾਈਟ ਰੈਸਟੋਰੈਂਟ ਦੇ ਬਾਉਂਸਰ ਜਗਰੂਪ ਜੱਗਾ ਦੀ 9 ਅਕਤੂਬਰ ਦੀ ਰਾਤ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਇਲਜ਼ਾਮ ਹੇਠ ਪੁਲਿਸ ਨੇ ਐਤਵਾਰ ਨੂੰ ਇਕ ਜਣਾ ਗਿ੍ਫ਼ਤਾਰ ਕੀਤਾ ਹੈ। ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਪਲਾਹ ਸਾਹਿਬ ਰੋਡ ਵਾਸੀ ਸੁਖਵਿੰਦਰ ਸਿੰਘ ਸੁੱਖ ਨੇ ਘਟਨਾ ਤੋਂ ਤਿੰਨ ਦਿਨ ਪਹਿਲਾਂ ਤਕ ਜਗਰੂਪ ਜੱਗੇ ਦੀ ਰੈਕੀ ਕੀਤੀ ਸੀ।

ਮੁਲਜ਼ਮ ਸੁੱਖ, ਗੈਂਗਸਟਰ ਪ੍ਰੀਤ ਨੂੰ ਕਤਲ ਕਾਂਡ ਅੰਜਾਮ ਦੇਣ ਲਈ ਪਲ-ਪਲ ਦੀਆਂ ਜਾਣਕਾਰੀਆਂ ਮੁਹੱਈਆ ਕਰਵਾ ਰਿਹਾ ਸੀ। ਰਣਜੀਤ ਐਵੀਨਿਊ ਥਾਣਾ ਇੰਚਾਰਜ ਰੋਬਿਨ ਹੰਸ ਨੇ ਦੱਸਿਆ ਕਿ ਮੁਲਜ਼ਮ ਸੁਖਵਿੰਦਰ ਸਿੰਘ ਤੋਂ ਲੈਂਸਰ ਕਾਰ ਬਰਾਮਦ ਕੀਤੀ ਗਈ ਹੈ। ਇਸੇ ਕਾਰ ਵਿਚ ਬੈਠਾ ਸੁੱਖ ਕਈ ਵਾਰ ਜਗਰੂਪ ਜੱਗੇ ਦੀ ਰੈਕੀ ਕਰ ਚੁੱਕਿਆ ਹੈ।

ਸਬ-ਇੰਸਪੈਕਟਰ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਪਹਿਲਾਂ ਵੀ ਹੱਤਿਆ ਦੀ ਕੋਸ਼ਿਸ਼ ਤੇ ਨਸ਼ਾ ਤਸਕਰੀ ਦੇ 2 ਮਾਮਲੇ ਦਰਜ ਹਨ। ਸੁੱਖ, ਨਸ਼ਾ ਤਸਕਰੀ ਦੇ ਮਾਮਲੇ ਵਿਚ ਪੰਜ ਸਾਲ ਜੇਲ੍ਹ ਕੱਟ ਚੁੱਕਿਆ ਹੈ। ਪੁਲਿਸ ਗੈਂਗਸਟਰ ਪ੍ਰੀਤ, ਉਸ ਦੇ ਸਾਥੀ ਸੋਨੂੰ ਸਮੇਤ ਤਿੰਨ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪਾਮਾਰੀ ਕਰ ਰਹੀ ਹੈ।

ਇਹ ਹੈ ਮਾਮਲਾ

ਨੰਗਲੀ ਭੱਠਾ ਵਾਸੀ ਜਗਰੂਪ ਜੱਗਾ ਬਤੌਰ ਬਾਊਂਸਰ ਰਣਜੀਤ ਐਵੀਨਿਊ ਦੇ ਨਾਈਟ ਰੈਸਟੋਰੈਂਟ ਵਿਚ ਨੌਕਰੀ ਕਰਦਾ ਸੀ। ਦੇਰ ਰਾਤ ਡਿਊਟੀ ਖ਼ਤਮ ਕਰ ਕੇ ਉਹ ਇਕ ਹੋਰ ਬਾਊਂਸਰ ਨਾਲ ਬਾਈਕ 'ਤੇ ਸਵਾਰ ਹੋ ਕੇ ਘਰ ਚਲਾ ਜਾਂਦਾ ਸੀ। ਜਗਰੂਪ ਜੱਗੇ ਦੀ ਗੈਂਗਸਟਰ ਪ੍ਰੀਤ ਤੇ ਹੋਰਨਾਂ ਬਾਉਂਸਰਾਂ ਨਾਲ ਰੰਜਿਸ਼ ਚੱਲ ਰਹੀ ਸੀ। ਪਹਿਲਾਂ ਵੀ ਦੋਵੇਂ ਇਕ ਵਾਰ ਆਹਮਣੇ-ਸਾਹਮਣੇ ਹੋ ਚੁੱਕੇ ਸਨ। ਪ੍ਰੀਤ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ।

9 ਅਕਤੂਬਰ ਦੀ ਰਾਤ ਜਗਰੂਪ ਜੱਗਾ ਕੰਮ ਖ਼ਤਮ ਕਰ ਕੇ ਘਰ ਜਾ ਰਿਹਾ ਸੀ। ਇਸ ਦੌਰਾਨ ਦੋ ਬਾਈਕਾਂ 'ਤੇ ਸਵਾਰ ਚਾਰ ਅਨਸਰ ਪੁੱਜੇ ਤੇ ਗੋਲੀਆਂ ਮਾਰ ਕੇ ਜਗਰੂਪ ਜੱਗੇ ਨੂੰ ਕਤਲ ਕਰ ਦਿੱਤਾ ਸੀ।