ਪੱਤਰ ਪ੍ਰਰੇਰਕ, ਤਰਨਤਾਰਨ : ਥਾਣਾ ਹਰੀਕੇ ਦੀ ਪੁਲਿਸ ਨੇ ਦਰਿਆ 'ਚੋਂ ਰੇਤ ਚੋਰੀ ਕਰ ਕੇ ਲਿਆ ਰਹੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸਦੇ ਕਬਜ਼ੇ 'ਚੋਂ ਰੇਤ ਦਾ ਭਰਿਆ ਪੀਟਰ ਰਿਹੜਾ (ਘੜੁੱਕਾ) ਬਰਾਮਦ ਹੋਇਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਕਾਰਵਾਈ ਜ਼ਿਲ੍ਹਾ ਮਾਈਨਿੰਗ ਅਫਸਰ ਰਾਕੇਸ਼ ਕੁਮਾਰ ਬਾਂਸਲ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਹੈ।

ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਇਲਾਕੇ ਵਿਚ ਗਸ਼ਤ ਕਰ ਰਹੇ ਸੀ। ਜਦੋਂ ਉਹ ਜੀਟੀ ਰੋਡ ਬਾਈਪਾਸ ਘੜੁੰਮ ਮੋੜ ਨੇੜੇ ਪੁੱਜੇ ਤਾਂ ਇਕ ਵਿਅਕਤੀ ਪੀਟਰ ਰਿਹੜਾ 'ਤੇ ਰੇਤ ਲੱਦ ਕੇ ਲਿਆ ਰਿਹਾ ਸੀ, ਜਿਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਆਪਣੀ ਪਛਾਣ ਰਣਜੀਤ ਸਿੰਘ ਵਾਸੀ ਬੂਹ ਹਥਾੜ ਦੇ ਤੌਰ 'ਤੇ ਦੱਸੀ। ਜਾਂਚ ਕਰਨ 'ਤੇ ਪੱਤਾ ਲੱਗਾ ਕਿ ਰਣਜੀਤ ਸਿੰਘ ਉਕਤ ਰੇਤ ਨੂੰ ਮੰਡ ਦਰਿਆ 'ਚੋਂ ਚੋਰੀ ਕਰ ਕੇ ਲਿਆਇਆ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।