ਨਵੀਨ ਰਾਜਪੂਤ, ਅੰਮਿ੍ਤਸਰ : ਪੁਲਿਸ ਵਲੰਟੀਅਰਾਂ ਦੀ ਵਰਦੀ 'ਚ ਲੁੱਟ ਮਾਮਲੇ 'ਚ ਪੁਲਿਸ ਨੇ ਮੰਗਲਵਾਰ ਨੂੰ ਸੂਤਰਧਾਰ ਨੂੰ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮ ਦੇ ਕਬਜ਼ੇ 'ਚੋਂ ਇਕ ਬਾਈਕ ਤੇ ਕੁਝ ਦਸਤਾਵੇਜ਼ ਬਰਾਮਦ ਹੋਏ ਹਨ। ਦੋਸ਼ ਹੈ ਕਿ ਮੁਲਜ਼ਮ ਨੇ ਵਾਰਦਾਤ ਤੋਂ ਪਹਿਲਾਂ ਤੇ ਬਾਅਦ 'ਚ ਦੋਸ਼ੀਆਂ ਨੂੰ ਆਪਣੀ ਕੋਠੀ 'ਚ ਪਨਾਹ ਦਿੱਤੀ ਸੀ।

ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮਾਮਲਾ ਦੀ ਜਾਂਚ ਕਰਵਾਈ ਜਾ ਰਹੀ ਹੈ। ਮੁੱਢਲੀ ਜਾਂਚ 'ਚ ਉਹ ਹਾਲੇ ਕੁਝ ਨਹੀਂ ਦੱਸ ਸਕਦੇ। ਘਟਨਾਕ੍ਮ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਕ-ਦੋ ਦਿਨਾਂ 'ਚ ਗਿਰੋਹ ਦੇ ਸਾਰੇ ਮੈਂਬਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਪੁਲਿਸ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਵਾਰਦਾਤ 'ਚ ਪੁਲਿਸ ਮੁਲਾਜ਼ਮਾਂ ਤੇ ਵਲੰਟੀਅਰਾਂ ਦੀ ਕਿੰਨੀ ਸ਼ਮੂਲੀਅਤ ਹੈ। ਵਾਰਦਾਤ 'ਚ ਲੁਟੇਰਿਆਂ ਵੱਲੋਂ ਵਰਤੀ ਗਈ ਵਰਦੀ ਬਾਰੇ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮ ਦੇ ਕਬਜ਼ੇ 'ਚੋਂ ਮਿਲੇ ਮੋਬਾਈਲ 'ਚੋਂ ਪੁਲਿਸ ਨੂੰ ਕੁਝ ਸ਼ੱਕੀਆਂ ਦੇ ਫੋਟੋਗ੍ਰਾਫ ਮਿਲੇ ਹਨ। ਲੁੱਟ ਦਾ ਸ਼ਿਕਾਰ ਹੋਏ ਜਸਵਿੰਦਰ ਸਿੰਘ ਤੇ ਉਸ ਦੇ ਪਿਤਾ ਕੁਲਵੰਤ ਸਿੰਘ ਨੂੰ ਸ਼ੱਕੀਆਂ ਦੇ ਫੋਟੋਗ੍ਰਾਫ ਵਿਖਾ ਕੇ ਲੁਟੇਰਿਆਂ ਦੀ ਪਛਾਣ ਕਰਵਾਈ ਜਾ ਰਹੀ ਹੈ।

ਕੈਂਸਰ ਪੀੜਤ ਪ੍ਰੇਮਿਕਾ ਨਾਲ ਲਿਵ-ਇਨ ਰਿਲੇਸ਼ਨ 'ਚ ਰਹਿ ਰਿਹਾ ਹੈ ਸੂਤਰਧਾਰ

ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਏਅਰਪੋਰਟ ਰੋਡ 'ਤੇ ਰਹਿਣ ਵਾਲਾ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਕੈਂਸਰ ਪੀੜਤ ਪ੍ਰੇਮਿਕਾ ਨਾਲ ਰਹਿ ਰਿਹਾ ਹੈ। ਲਗਪਗ ਡੇਢ ਮਹੀਨਾ ਪਹਿਲਾਂ ਉਸ ਦੇ ਮਾਤਾ-ਪਿਤਾ ਮੁਲਜ਼ਮ ਦੇ ਕਾਰਨਾਮਿਆਂ ਨੂੰ ਵੇਖ ਸ਼ਹਿਰ ਛੱਡ ਕੇ ਜਾ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕੈਂਸਰ ਪੀੜਤਾ ਪ੍ਰੇਮਿਕਾ ਕੋਲ ਕਾਫੀ ਜਾਇਦਾਦ ਹੈ। ਇਸੇ ਚੱਕਰ 'ਚ ਸੂਤਰਧਾਰ ਨੇ ਲਗਪਗ ਇਕ ਸਾਲ ਪਹਿਲਾਂ ਉਸ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਲਿਆ ਸੀ।

ਗੈਂਗਸਟਰ ਨਾਲ ਵੀ ਨਿਕਲੇ ਰਿਸ਼ਤੇ

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਏਅਰਪੋਰਟ ਰੋਡ 'ਤੇ ਰਹਿਣ ਵਾਲੇ ਮੁਲਜ਼ਮ ਸੂਤਰਧਾਰ ਦੇ ਰਿਸ਼ਤੇ ਕਈ ਗੈਂਗਸਟਰਾਂ ਨਾਲ ਵੀ ਹਨ। ਲੁੱਟ ਦੀ ਵਾਰਦਾਤ ਦੌਰਾਨ ਲੁਟੇਰਿਆਂ ਨੇ ਘਰ ਦੇ ਮਾਲਕ ਜਸਵਿੰਦਰ ਸਿੰਘ ਨੂੰ ਜੱਗੂ ਭਗਵਾਨਪੁਰੀਆ ਦੇ ਨਾਂ ਤੋਂ ਵੀ ਧਮਕੀਆਂ ਦਿੱਤੀਆਂ ਸਨ, ਜਿਸ 'ਤੇ ਪੁਲਿਸ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਘਰਿੰਡਾ ਥਾਣਾ ਤਹਿਤ ਪੈਂਦੇ ਅਟਾਰੀ ਪਿੰਡ 'ਚ ਸੋਮਵਾਰ ਨੂੰ ਪੁਲਿਸ ਤੇ ਵਲੰਟੀਅਰਾਂ ਦੀ ਵਰਦੀ 'ਚ ਛੇ-ਸੱਤ ਲੁਟੇਰਿਆਂ ਨੇ ਘਰ 'ਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਘਰ 'ਚ ਰੱਖੇ ਸੱਤ ਲੱਖ ਰੁਪਏ ਨਕਦ, ਸਾਢੇ ਸੱਤ ਲੱਖ ਦੇ ਗਹਿਣੇ ਤੇ 32 ਬੋਰ ਦੀ ਰਾਈਫਲ ਤੇ ਕਾਰਤੂਸ ਲੈ ਕੇ ਫ਼ਰਾਰ ਹੋ ਗਏ ਸਨ।