ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਦਮਦਮੀ ਟਕਸਾਲ (ਜਥਾ ਭਿੰਡਰਾਂ) ਮਹਿਤਾ ਵੱਲੋਂ ਤੀਸਰਾ ਘੱਲੂਘਾਰਾ (ਜੂਨ 1984) ਦੌਰਾਨ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਮਾਝੇ ਇਲਾਕੇ ਦੇ ਵੱਖ-ਵੱਖ ਨਗਰਾਂ ਵਿਚ ਰੋਜਾਨਾ ਗੁਰਮਤਿ

42ਵੇਂ ਮਹਾਨ ਸ਼ਹੀਦੀ ਸਮਾਗਮ ਮੌਕੇ ਸੰਗਤਾਂ 6 ਜੂਨ ਨੂੰ ਮਹਿਤੇ ਪਹੁੰਚਣ : ਬਾਬਾ ਹਰਨਾਮ ਸਿੰਘ ਖਾਲਸਾ
ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ
ਚੌਕ ਮਹਿਤਾ : ਦਮਦਮੀ ਟਕਸਾਲ (ਜਥਾ ਭਿੰਡਰਾਂ) ਮਹਿਤਾ ਵੱਲੋਂ ਤੀਸਰਾ ਘੱਲੂਘਾਰਾ (ਜੂਨ 1984) ਦੌਰਾਨ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਮਾਝੇ ਇਲਾਕੇ ਦੇ ਵੱਖ-ਵੱਖ ਨਗਰਾਂ ਵਿਚ ਰੋਜਾਨਾ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ 23ਵੇਂ ਦਿਨ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਪਿੰਡ ਖੱਬੇ ਰਾਜਪੂਤਾਂ ਵਿਖੇ ਸ਼ਾਮ ਵੇਲੇ ਦੇ ਦੀਵਾਨ ਸਜਾਏ ਗਏ। ਜਿਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਦੀਵਾਨ ਵਿਚ ਜੁੜੀਆਂ ਬੇਅੰਤ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਸ਼੍ਰੀ ਸੂਰਜ ਪ੍ਰਕਾਸ਼ ਗ੍ਰੰਥ 'ਚੋਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਕਾਲ ਨਾਲ ਸਬੰਧਤ ਪਾਵਨ ਇਤਹਾਸ ਦੀ ਲੜੀਵਾਰ ਕਥਾ ਸਰਵਨ ਕਰਵਾਈ। ਇਸ ਸਮੇਂ ਪੋਥੀ ਦੇ ਪਾਠ ਦੀ ਸੇਵਾ ਭਾਈ ਸਤਨਾਮ ਸਿੰਘ ਖਾਲਸਾ ਨੇ ਨਿਭਾਈ ਅਤੇ ਸਟੇਜ ਦਾ ਸੰਚਾਲਨ ਪ੍ਰਿੰ. ਗੁਰਦੀਪ ਸਿੰਘ ਰੰਧਾਵਾ ਨੇ ਕੀਤਾ। ਸਮਾਗਮ ਦੌਰਾਨ ਦਮਦਮੀ ਟਕਸਾਲ ਦੇ ਹਜੂਰੀ ਰਾਗੀ ਜਥੇ ਨੇ ਰਸਮਈ ਕੀਰਤਨ ਸਰਵਣ ਕਰਵਾ ਕੇ ਸੰਗਤ ਨੂੰ ਨਿਹਾਲ ਕੀਤਾ। ਅਖੀਰ ਵਿਚ ਸਾਬਕਾ ਸਰਪੰਚ ਸੰਤੋਖ ਸਿੰਘ ਯੂਐੱਸਏ, ਚੇਅਰਮੈਨ ਲਖਵਿੰਦਰ ਸਿੰਘ ਖਾਲਸਾ, ਸਾਬਕਾ ਸਰਪੰਚ ਮਨਦੀਪ ਸਿੰਘ ਸੋਨਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਦਲਜੀਤ ਸਿੰਘ 'ਤੇ ਪ੍ਰਧਾਨ ਜੁਗਰਾਜ ਸਿੰਘ ਜੋਗਾ ਦੇ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੇ ਸਤਿਕਾਰ ਵਿਚ ਦੁਸ਼ਾਲਾ ਤੇ ਸਿਰੋਪਾਓ ਭੇਟ ਕੀਤਾ ਗਿਆ। ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ 31 ਮਈ ਨੂੰ ਇਨਾਂ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ 1 ਤੋਂ 5 ਜੂਨ ਤਕ ਦਮਦਮੀ ਟਕਸਾਲ ਦੇ ਹੈਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਹਫਤੇ ਦੌਰਾਨ ਰੋਜਾਨਾ ਸ਼ਾਮ 4 ਤੋਂ 6 ਵਜੇ ਤੱਕ ਕਥਾ ਕੀਰਤਨ ਦਾ ਨਿਰੰਤਰ ਪ੍ਰਵਾਹ ਚਲੇਗਾ। 6 ਜੂਨ ਨੂੰ 42ਵਾਂ ਮੁੱਖ ਤੇ ਮਹਾਨ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ, ਜਿਸ ਦੌਰਾਨ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਲਾਮਿਸਾਲ ਪੰਥਕ ਇਕੱਠ ਹੋਵੇਗਾ ਜਿਸ ਦੌਰਾਨ ਪ੍ਰਮੁੱਖ ਧਾਰਮਿਕ ਹਸਤੀਆਂ ਤੇ ਸੰਗਤਾਂ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨਗੀਆਂ। ਇਸ ਮੌਕੇ ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਮਹਿਤਾ, ਬਾਬਾ ਬੋਹੜ ਸਿੰਘ, ਗਿਆਨੀ ਗੁਰਬਾਜ ਸਿੰਘ, ਗਿਆਨੀ ਸਾਹਿਬ ਸਿੰਘ, ਪ੍ਰਿੰ. ਹਰਸ਼ਦੀਪ ਸਿੰਘ ਰੰਧਾਵਾ ਤੇ ਡਾ. ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ), ਭਾਈ ਜੁਝਾਰ ਸਿੰਘ, ਭਾਈ ਪ੍ਰਭਜੀਤ ਸਿੰਘ ਤੇ ਭਾਈ ਪ੍ਰਕਾਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।