ਅੰਮਿ੍ਤਸਰ : ਇਕ ਅੌਰਤ ਦੇ ਬੱਚੇ ਦੀ ਕੁੱਖ ਵਿਚ ਮੌਤ ਹੋ ਗਈ ਸੀ। ਅੌਰਤ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿਚ ਮੌਜੂਦ ਨਰਸ ਨੇ ਗਰਭਪਾਤ ਤੋਂ ਪਹਿਲਾਂ ਅੌਰਤ ਨੂੰ ਥੱਪੜ ਮਾਰ ਦਿੱਤਾ। ਬੱਚੇ ਦੀ ਮੌਤ ਕਾਰਨ ਪਹਿਲਾਂ ਹੀ ਟੁੱਟ ਚੁੱਕੀ ਅੌਰਤ ਨਰਸ ਦੇ ਵਿਵਹਾਰ ਕਾਰਨ ਹੋਰ ਪਰੇਸ਼ਾਨ ਹੋ ਗਈ।

ਵੇਰਕਾ ਵਾਸੀ ਜੱਜ ਨੇ ਦੱਸਿਆ ਕਿ ਉਸ ਦੀ ਪਤਨੀ ਰਿਤੂ ਤਿੰਨ ਮਹੀਨੇ ਦੀ ਗਰਭਵਤੀ ਸੀ। ਚਾਰ ਦਿਨ ਪਹਿਲਾਂ ਉਸ ਦੇ ਿਢੱਡ ਵਿਚ ਤੇਜ਼ ਦਰਦ ਹੋਇਆ। ਉਹ ਉਸ ਨੂੰ ਗੁਰੂ ਨਾਨਕ ਦੇਵ ਹਸਪਾਤਲ ਲੈ ਗਏ। ਸਟਾਫ ਨੇ ਇਕ ਟੀਕਾ ਲਗਾਇਆ ਤੇ ਘਰ ਭੇਜ ਦਿੱਤਾ। ਮੰਗਲਵਾਰ ਅੱਧੀ ਰਾਤ ਨੂੰ ਰਿਤੂ ਨੂੰ ਅਚਾਨਕ ਫਿਰ ਦਰਦ ਸ਼ੁਰੂ ਹੋ ਗਿਆ। ਉਹ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲੈ ਗਏ, ਜਿਥੇ ਗਾਇਨੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਨਰਸ ਨੇ ਦੱਸਿਆ ਕਿ ਕੁੱਖ ਵਿਚ ਪਲ ਰਹੇ ਬੱਚੇ ਦੀ ਮੌਤ ਹੋ ਚੁੱਕੀ ਹੈ। ਗਰਭਪਾਤ ਕਰਵਾ ਕੇ ਭਰੂਣ ਨੂੰ ਬਾਹਰ ਕੱਢਿਆ ਜਾਵੇਗਾ।

ਜੱਜ ਅਨੁਸਾਰ ਰਿਤੂ ਨੇ ਪੂਰੀ ਬਾਂਹ ਵਾਲੇ ਕੱਪੜੇ ਪਹਿਨੇ ਹੋਏ ਸਨ। ਨਰਸ ਨੇ ਕਿਹਾ,''ਇਲਾਜ ਕਰਵਾਉਣ ਆਏ ਓ, ਕਿ ਫੈਸ਼ਨ ਦਿਖਾਉਣ। ਜਲਦੀ ਬਾਹਾਂ ਉੱਚੀਆਂ ਕਰੋ।'' ਸੂਟ ਤੰਗ ਹੋਣ ਕਾਰਨ ਰਿਤੂ ਨੂੰ ਬਾਹਾਂ ਫੋਲਡ ਕਰਨ 'ਚ ਸਮਾਂ ਲੱਗ ਗਿਆ। ਇਸ 'ਤੇ ਨਰਸ ਭੜਕ ਪਈ ਤੇ ਉਸ ਨੇ ਰਿਤੂ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਰਿਤੂ ਨੂੰ ਖਰੀਆਂ-ਖੋਟੀਆਂ ਸੁਣਾਈਆਂ। ਇਸ ਘਟਨਾ ਦੇ ਬਾਅਦ ਰਿਤੂ ਰੋਣ ਲੱਗ ਪਈ। ਜਦ ਉਨ੍ਹਾਂ ਨਰਸ ਤੋਂ ਦੁਰਵਿਵਹਾਰ ਦਾ ਕਾਰਨ ਪੁੱਛਿਆ ਤਾਂ ਉਸ ਨਾਲ ਵੀ ਦੁਰਵਿਵਹਾਰ ਕੀਤਾ। ਇਸ ਦੇ ਬਾਅਦ ਜਦ ਉਹ ਰਿਤੂ ਨੂੰ ਵਾਪਸ ਲਿਜਾਣ ਲੱਗੇ ਤਾਂ ਹਸਪਤਾਲ ਦੇ ਕੁਝ ਮੁਲਾਜ਼ਮਾਂ ਨੇ ਸ਼ਾਂਤ ਕਰਵਾਉਂਦੇ ਹੋਏ ਰਿਤੂ ਨੂੰ ਐਮਰਜੈਂਸੀ ਵਾਰਡ ਪਹੁੰਚਾਇਆ ਤੇ ਮਰ ਚੁੱਕੇ ਭਰੂਣ ਨੂੰ ਬਾਹਰ ਕੱਢਿਆ।

ਜੱਜ ਨੇ ਕਿਹਾ ਕਿ ਸਰਕਾਰ ਹਸਪਤਾਲ ਦੀ ਨਰਸ ਨੇ ਜੋ ਵਿਵਹਾਰ ਕੀਤਾ ਹੈ, ਉਹ ਸਹਿਣਯੋਗ ਨਹੀਂ ਸੀ। ਇੰਨਾ ਹੀ ਨਹੀਂ ਗਰਭਪਾਤ ਲਈ ਸਰਜੀਕਲ ਸਾਮਾਨ ਤੇ ਦਵਾਈਆਂ ਵੀ ਉਸ ਕੋਲੋਂ ਬਾਹਰੋਂ ਮੰਗਵਾਈਆਂ ਗਈਆਂ। ਉਸ ਕੋਲ ਪੈਸੇ ਨਾ ਹੋਣ ਕਾਰਨ ਦਵਾਈਆਂ ਲਈ ਉਸ ਨੂੰ ਮੋਟਰਸਾਈਕਲ ਗਿਰਵੀ ਰੱਖਣਾ ਪਿਆ।

ਅੌਰਤ ਦੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਸ਼ਿਕਾਇਤ ਨਹੀਂ ਦਿੱਤੀ। ਮੈਂ ਕੱਲ ਸਵੇਰੇ ਮਾਮਲੇ ਦੀ ਜਾਂਚ ਕਰਾਂਗਾ। ਜੇਕਰ ਨਰਸ 'ਤੇ ਦੋਸ਼ ਸਾਬਤ ਹੋਏ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

-ਡਾ. ਸੁਰਿੰਦਰਪਾਲ, ਮੈਡੀਕਲ ਸੁਪਰਡੈਂਟ, ਗੁਰੂ ਨਾਨਕ ਦੇਵ ਹਸਪਤਾਲ

ਮਾਮਲੇ ਦੀ ਜਾਂਚ ਕਰਵਾਉਣਗੇ : ਸਤੀਸ਼ ਚੰਦਰਾ

ਸਿਹਤ ਵਿਭਾਗ ਦੇ ਸਕੱਤਰ ਸਤੀਸ਼ ਚੰਦਰਾ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ। ਸਰਕਾਰੀ ਹਸਪਤਾਲ ਵਿਚ ਆਉਣ-ਜਾਣ ਵਾਲੇ ਹਰੀਕ ਮਰੀਜ਼ ਦਾ ਸਤਿਕਾਰ ਹੋਣਾ ਚਾਹੀਦਾ ਹੈ। ਨਰਸ ਨੇ ਮਹਿਲਾ ਨੂੰ ਥੱਪੜ ਮਾਰਿਆ ਹੈ, ਇਸ ਦੀ ਜਾਂਚ ਹੋਵੇਗੀ। ਮੈਡੀਕਲ ਸੁਪਰਡੈਂਟ ਨਾਲ ਗੱਲਬਾਤ ਕਰ ਕੇ ਜਾਂਚ ਕਮੇਟੀ ਗਠਿਤ ਕੀਤੇ ਜਾਣ ਦੇ ਹੁਕਮ ਦਿੱਤੇ ਜਾਣਗੇ।