ਮਨੋਜ ਕੁਮਾਰ, ਅੰਮ੍ਰਿਤਸਰ : ਦੇਸ਼ ਦੀ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਪਰਵਾਸੀ ਭਾਰਤੀਆਂ ਨੂੰ ਕਈ ਸਹੂਲਤਾਂ ਦੇਣ ਦੇ ਉਪਰਾਲੇ ਕਰ ਰਹੀਆਂ ਹਨ, ਤਾਂ ਜੋ ਉਹ ਹਮੇਸ਼ਾ ਆਪਣੀ ਮਿੱਟੀ ਨਾਲ ਜੁੜੇ ਰਹਿਣ। ਇਸ ਦੇ ਬਾਵਜੂਦ ਪੰਜਾਬ ਦੇ ਪ੍ਰਵਾਸੀ ਪੰਜਾਬੀਆਂ ਲਈ ਆਨਲਾਈਨ ਪ੍ਰਾਪਰਟੀ ਟੈਕਸ ਤਾਰਨ ’ਚ ਐੱਮ ਸੇਵਾ ਵੱਡੀ ਰੁਕਾਵਟ ਬਣੀ ਹੋਈ ਹੈ। ਪੰਜਾਬੀਆਂ ’ਚ ਵਿਦੇਸ਼ ਜਾਣ ਦੀ ਦੌੜ ਜਿਹੀ ਲੱਗੀ ਹੋਈ ਹੈ ਤੇ ਬਹੁਤ ਸਾਰੇ ਪੰਜਾਬੀ ਦੂਜੇ ਦੇਸ਼ਾਂ ’ਚ ਉਥੋਂ ਦੇ ਪੱਕੇ ਨਾਗਿਰਕ ਵੀ ਬਣੇ ਹੋਏ ਹਨ। ਇਹ ਪਰਵਾਸੀ ਪੰਜਾਬੀ ਆਪਣੀਆਂ ਜਾਇਦਾਦਾਂ ਦਾ ਖਿਆਲ ਰੱਖਣ ਲਈ ਸਾਲ ਬਾਅਦ ਅਕਸਰ ਪੰਜਾਬ ਗੇੜਾ ਵੀ ਮਾਰਦੇ ਹਨ ਪਰ ਕੋਰੋਨਾ ਮਹਾਮਾਰੀ ਫ਼ੈਲਣ ਤੋਂ ਬਾਅਦ ਕੌਮਾਂਤਰੀ ਉਡਾਨਾਂ ਬੰਦ ਹੋਣ ਕਾਰਨ ਬਹੁਤੇ ਐੱਨਆਰਆਈਜ਼ ਪਿਛਲੇ ਕਰੀਬ ਪੌਣੇੇ ਦੋ ਸਾਲ ਤੋਂ ਪੰਜਾਬ ਫੇਰੀ ਨਹੀੰ ਮਾਰ ਸਕੇ। ਅਜਿਹੇ ’ਚ ਸ਼ਹਿਰਾਂ ’ਚ ਰਹਿੰਦੇ ਪੰਜਾਬੀ ਪਰਵਾਸੀ ਕਰੀਬ ਦੋ ਸਾਲ ਤੋਂ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਹੀਂ ਕਰ ਸਕੇ।

ਜਾਣਕਾਰੀ ਅਨੁੁਸਾਰ ਪਾਵਰਕਾਮ ਨੇ ਆਨਲਾਈਨ ਅਜਿਹੀ ਵਿਵਸਥਾ ਕੀਤੀ ਹੋਈ ਹੈ ਕਿ ਐੱਨਆਰਆਈਜ਼ ਨੂੰ ਵਿਦੇਸ਼ ’ਚ ਬੈਠਿਆਂ ਪੰਜਾਬ ’ਚ ਸਥਿਤ ਆਪਣੇ ਘਰ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਕਰਨ ’ਚ ਕੋਈ ਮੁਸ਼ਕਲ ਨਹੀੰ ਆਉਂਦੀ। ਇਸੇ ਤਰ੍ਹਾਂ ਨਗਰ ਨਿਗਮ ਵੱਲੋਂ ਆਉਂਦੇ ਪਾਣੀ ਦੇ ਬਿੱਲਾਂ ਦੀ ਵੀ ਆਸਾਨੀ ਨਾਲ ਉਹ ਵਿਦੇਸ਼ ’ਚ ਬੈਠੇ ਆਨਲਾਈਨ ਅਦਾਇਗੀ ਕਰ ਦਿੰਦੇ ਹਨ ਪਰ ਪ੍ਰਾਪਰਟੀ ਟੈਕਸ ਦੀ ਆਨਲਾਈਨ ਅਦਾਇਗੀ ਉਨ੍ਹਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਇਸ ਦਾ ਮੁੱਖ ਕਾਰਨ ਇਸ ਦੇ ਲਈ ਦਿੱਤੀ ਗਈ ਐੱਮ ਸੇਵਾ ਹੈ। ਐੱਮ ਸੇਵਾ ਨੇ ਆਨਲਾਈਨ ਬਿੱਲ ਦੀ ਅਦਾਇਗੀ ਲਈ ਭਾਰਤ ਦਾ ਟੈਲੀਫੋਨ ਕੋਡ ਨੰਬਰ ਪਲੱਸ 91 ਨਿਸ਼ਿਚਤ ਕੀਤਾ ਹੋਇਆ ਹੈ। ਇਸ ਕੋਡ ਵਾਲਾ ਮੋਬਾਈਲ ਨੰਬਰ ਉਕਤ ਖਾਨੇ ’ਚ ਭਰਨ ’ਤੇ ਹੀ ਐੱਮ ਸੇਵਾ ਵੱਲੋਂ ਓਟੀਪੀ ਨੰਬਰ ਦਿੱਤਾ ਜਾਂਦਾ ਹੈ, ਜਿਸ ਦੀ ਸਹਾਇਤਾ ਨਾਲ ਆਨਲਾਈਨ ਬਿੱਲ ਦੀ ਅਦਾਇਗੀ ਸੰਭਵ ਹੈ। ਜਿਨ੍ਹਾਂ ਪਰਵਾਸੀ ਭਾਰਤੀਆਂ ਕੋਲ ਭਾਰਤੀ ਟੈਲੀਕਾਮ ਕੰਪਨੀਆਂ ਦੇ ਨੰਬਰ ਨਹੀਂ ਹਨ ਜਾਂ ਬੰਦ ਪਏ ਹੋਏ ਹਨ, ਉਹ ਹੁਣ ਬਹੁਤ ਪਰੇਸ਼ਾਨ ਹਨ।

ਨਗਰ ਨਿਗਮ ਅੰਮ੍ਰਿਤਸਰ ਨੇ ਪ੍ਰਾਪਰਟੀ ਟੈਕਸ ਭਰਨ ਦੀ ਆਖ਼ਰੀ ਤਰੀਕ 30 ਸਤੰਬਰ ਦਿੱਤੀ ਹੋਈ ਹੈ। ਜਾਣਕਾਰੀ ਅਨੁਸਾਰ ਆਸਟ੍ਰੇਲੀਆ ਨੇ ਕਰੀਬ ਪਿਛਲੇ ਡੇਢ ਸਾਲ ਤੋਂ ਕੌਮਾਂਤਰੀ ਉਡਾਨਾਂ ’ਤੇ ਰੋਕ ਲਗਾ ਰੱਖੀ ਹੈ ਜੋ ਦਸੰਬਰ ਮਹੀਨੇ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ। ਲੰਮੇ ਸਮੇਂ ਤੋਂ ਆਸਟ੍ਰੇਲੀਆ ’ਚ ਰਹਿ ਰਹੇ ਇਕ ਪੰਜਾਬੀ ਐੱਨਆਰਆਈ ਨੇ ਵਿਭਾਗ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਇਸ ਮੁਸ਼ਕਲ ਦਾ ਕੋਈ ਹੱਲ ਕੱਢਿਆ ਜਾਵੇ, ਤਾਂ ਜੋ ਉਹ ਵਿਦੇਸ਼ ’ਚ ਬੈਠੇ ਹੀ ਪ੍ਰਾਪਰਟੀ ਟੈਕਸ ਦੀ ਅਦਾਇਗੀ ਕਰ ਕੇ ਚਿੰਤਾ ਮੁਕਤ ਹੋ ਸਕਣ।

ਇਸ ਸਬੰਧੀ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐੱਮ ਸੇਵਾ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੀ ਆਨਲਾਈਨ ਅਦਾਇਗੀ ਲਈ ਤਿਆਰ ਕੀਤਾ ਗਿਆ ਡੀਜ਼ੀਟਲ ਪਲੇਟਫਾਰਮ ਹੈ। ਪਰਵਾਸੀ ਪੰਜਾਬੀਆਂ ਨੂੰ ਆਨਲਾਈਨ ਪ੍ਰਾਪਰਟੀ ਟੈਕਸ ਦੀ ਅਦਾਇਗੀ ’ਚ ਆ ਰਹੀ ਪਰੇਸ਼ਾਨੀ ਨੂੰ ਦੱਬੀ ਜ਼ਬਾਨ ’ਚ ਉਨ੍ਹਾਂ ਨੇ ਵੀ ਸਵੀਕਾਰ ਕੀਤਾ।

ਸੋਮਵਾਰ ਤੋਂ ਹੀ ਮਨਜ਼ੂਰ ਲੈਣ ਦੀ ਪ੍ਰਕਿਰਿਆ ਕਰਾਂਗੇ ਸ਼ੁਰੂ : ਆਈਟੀ ਮੈਨੇਜਰ

ਇਸ ਸਬੰਧੀ ਪੰਜਾਬ ਮਿਊਂਸੀਪਲ ਇੰਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ (ਪੀਐੱਮਆਈਡੀਸੀ) ਦੇ ਆਈਟੀ ਮੈਨੇਜਰ ਰਾਹੁਲ ਸ਼ਰਮਾ ਨੇ ਕਿਹਾ ਕਿ ਜੇਕਰ ਐੱਨਆਰਆਈਜ਼ ਨੂੰ ਆਨਲਾਈਨ ਪ੍ਰਾਪਰਟੀ ਟੈਕਸ ਦੀ ਅਦਾਇਗੀ ’ਚ ਮੁਸ਼ਕਲ ਆ ਰਹੀ ਹੈ ਤਾਂ ਸੋਮਵਾਰ ਤੋਂ ਹੀ ਕੇਂਦਰ ਸਰਕਾਰ ਕੋੋਲੋਂ ਮਨਜ਼ੂਰ ਲੈਣ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ।

Posted By: Seema Anand