ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : 29 ਜੁਲਾਈ ਨੂੰ ਸਰਹੱਦੀ ਪਿੰਡ ਨੌਸ਼ਹਿਰਾ ਵਿਖੇ ਵਾਪਰੇ ਤੀਹਰੇ ਕਤਲ ਕਾਂਡ 'ਚ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ 'ਚੋਂ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਪਿੰਡ ਨੌਸ਼ਹਿਰਾ ਵਿਖੇ ਤਿੰਨ ਵਿਅਕਤੀਆਂ ਦੇ ਕੀਤੇ ਗਏ ਕਤਲ 'ਚ ਲੋੜੀਂਦੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਬਾਕੀ ਮੁਲਜ਼ਮ ਫ਼ਰਾਰ ਚਲੇ ਆ ਰਹੇ ਸਨ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲ਼ ਡਰੇਨ ਨੌਸ਼ਹਿਰਾ ਢਾਲਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਦੋ ਨੌਜਵਾਨ ਪੁਲਿਸ ਨੂੰ ਵੇਖ ਕੇ ਭੱਜਣ ਲੱਗੇ ਤਾਂ ਉਨ੍ਹਾਂ ਨੇ ਮੁਸਤੈਦੀ ਵਰਤਦਿਆਂ ਦੋਵਾਂ ਨੂੰ ਕਾਬੂ ਕਰ ਲਿਆ।

ਫੜੇ ਗਏ ਵਿਅਕਤੀਆਂ ਦੀ ਪਛਾਣ ਸੁਖਦੇਵ ਸੁਖ ਪੁੱਤਰ ਬੀਰ ਸਿੰਘ ਵਾਸੀ ਨੌਸ਼ਹਿਰਾ ਅਤੇ ਗੁਰਵਿੰਦਰ ਸਿੰਘ ਗੋਬਿੰਦਾ ਪੁੱਤਰ ਗੁਰਮੁੱਖ ਸਿੰਘ ਵਾਸੀ ਚਰਚ ਨੇੜੇ ਅਟਾਰੀ ਥਾਣਾ ਘਰਿੰਡਾ ਵਜੋਂ ਹੋਈ। ਉਕਤ ਦੋਵੇਂ ਮਲਜ਼ਮ ਪੁਲਿਸ ਨੂੰ ਕਤਲ ਕੇਸ 'ਚ ਲੋੜੀਂਦੇ ਸਨ। ਜਦੋਂਕਿ ਬੀਰ ਸਿੰਘ, ਵਰਦੀਪ ਸਿੰਘ ਅਤੇ ਜੋਬਨ ਸਿੰਘ ਪਹਿਲਾਂ ਹੀ ਜੇਲ੍ਹ 'ਚ ਬੰਦ ਹਨ। ਫੜੇ ਗਏ ਮੁਲਜ਼ਮਾਂ ਨੂੰ ਅਮਨਦੀਪ ਕੌਰ ਸੀਜੇਐੱਸਡੀ ਦੀ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਅਦਾਲਤ ਵੱਲੋਂ ਮਿਲੇ ਸਮੇਂ 'ਚ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਅਤੇ ਕਤਲ ਕਰਨ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਜਾਣਗੇ।