ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੰਮੇ ਸਮੇਂ ਬਾਅਦ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ, ਜਿਸ ਵਿਚ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਵਿਚੋਂ ਛੇਕੇ ਹੋਏ ਜਾਂ ਹੋਰ ਸਜ਼ਾਵਾਂ ਭੁਗਤ ਰਹੇ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਆਫ਼ੀ ਨਹੀਂ ਦਿੱਤੀ ਗਈ। ਜਦਕਿ ਮੁਆਫ਼ੀ ਲਈ ਸੁੱਚਾ ਸਿੰਘ ਲੰਗਾਹ ਅਤੇ ਚਰਨਜੀਤ ਸਿੰਘ ਚੱਢਾ ਵੱਲੋਂ ਆਪਣੀਆਂ ਦਰਖ਼ਾਸਤਾਂ ਦਿੱਤੀਆਂ ਗਈਆਂ ਸਨ।

ਲੰਗਾਹ ਦਾ ਲਗਾਤਾਰ ਵਿਰੋਧ ਹੁੰਦਿਆਂ ਦੇਖ ਕੇ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਾ ਤਾਂ ਸੱਦਿਆ ਗਿਆ ਅਤੇ ਨਾ ਹੀ ਉਹ ਆਪ ਪੇਸ਼ ਹੋਏ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੱਢਾ ਜਿਸ ਉਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋ ਸਾਲ ਦੀਆਂ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ, ਉਸ ਨੇ ਵੀ ਨਿਮਾਣੇ ਸਿੱਖ ਵਜੋਂ ਆਪਣੀ ਦਰਖ਼ਾਸਤ ਦਿੱਤੀ ਸੀ ਅਤੇ ਉਹ ਖ਼ੁਦ ਵੀ ਜਥੇਦਾਰਾਂ ਅੱਗੇ ਪੇਸ਼ ਹੋ ਗਿਆ।

ਚੱਢਾ ਅਤੇ ਉਸ ਦੀ ਧਰਮ ਪਤਨੀ ਨੇ ਸਿੰਘ ਸਾਹਿਬਾਨਾਂ ਅੱਗੇ ਪੇਸ਼ ਹੋ ਕੇ ਗੁਹਾਰ ਲਗਾਈ ਕਿ ਉਸ ਨੂੰ ਸਿਆਸਤ ਤਹਿਤ ਫਸਾਇਆ ਹੈ। ਜਥੇਦਾਰਾਂ ਨੇ ਕਿਹਾ ਕਿ ਅਦਾਲਤ ਵਿਚ ਕੇਸ ਹੋਣ ਕਾਰਨ ਇਸ ਸਬੰਧੀ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਆਦਿ ਮੌਜੂਦ ਸਨ।