ਧਰਮਬੀਰ ਸਿੰਘ ਮਲਹਾਰ, ਤਰਨਤਾਰਨ : ਚਾਰ ਸਤੰਬਰ ਦੀ ਰਾਤ ਪਿੰਡ ਪੰਡੋਰੀ ਗੋਲਾ 'ਚ ਹੋਏ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ 'ਚ ਜੁਟੀ ਨੈਸ਼ਨਲ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਨੇ ਸਾਰਾ ਦਿਨ ਤਰਨਤਾਰਨ 'ਚ ਗੁਜ਼ਾਰਿਆ। ਪੁਲਿਸ ਰਿਮਾਂਡ 'ਤੇ ਚੱਲ ਰਹੇ ਤਿੰਨ ਮੁਲਜ਼ਮਾਂ ਗੁਰਜੰਟ ਸਿੰਘ ਜੰਟਾ, ਹਰਜੀਤ ਸਿੰਘ ਹੀਰਾ, ਮਾਨਦੀਪ ਸਿੰਘ ਮੱਸਾ ਦੀ ਨਿਸ਼ਾਨਦੇਹੀ 'ਤੇ ਅਸਲਾ ਵੀ ਬਰਾਮਦ ਕੀਤਾ ਗਿਆ।

ਹਾਲਾਂਕਿ ਇਸ ਸਬੰਧੀ ਜ਼ਿਲ੍ਹੇ ਦੇ ਕਿਸੇ ਵੀ ਅਧਿਕਾਰੀ ਨੇ ਜਾਣਕਾਰੀ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਪੰਡੋਰੀ ਗੋਲਾ ਦੇ ਖ਼ਾਲੀ ਪਲਾਟ 'ਚ ਹੋਏ ਬੰਬ ਧਮਾਕੇ ਦੌਰਾਨ ਪਿੰਡ ਕਦਗਿੱਲ ਵਾਸੀ ਵਿਕਰਮਜੀਤ ਸਿੰਘ ਉਰਫ਼ ਵਿੱਕੀ, ਪਿੰਡ ਬਚੜੇ ਵਾਸੀ ਹਰਪ੍ਰੀਤ ਸਿੰਘ ਹੈਪੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਤੀਜਾ ਸਾਥੀ ਗੁਰਜੰਟ ਸਿੰਘ ਜੰਟਾ ਗੰਭੀਰ ਜ਼ਖ਼ਮੀ ਹੋ ਗਿਆ ਸੀ। ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਇਕ ਮਹੀਨਾ ਦਾਖ਼ਲ ਰਹਿਣ ਤੋਂ ਬਾਅਦ 4 ਅਕਤੂਬਰ ਨੂੰ ਨੈਸ਼ਨਲ ਜਾਂਚ ਏਜੰਸੀ ਨੇ ਜੰਟੇ ਨੂੰ ਹਿਰਾਸਤ 'ਚ ਲਿਆ ਸੀ। ਹਾਲਾਂਕਿ ਇਸ ਮਾਮਲੇ 'ਚ ਪੁਲਿਸ ਨੇ ਕੁੱਲ 8 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਸੀ।

ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਜੰਟਾ ਤੋਂ ਇਲਾਵਾ ਅੰਮਿ੍ਤਪਾਲ ਸਿੰਘ ਬਚੜੇ, ਚੰਨਪ੍ਰਰੀਤ ਸਿੰਘ ਬਟਾਲਾ, ਮਨਪ੍ਰਰੀਤ ਸਿੰਘ ਮੁਰਾਦਪੁਰਾ, ਹਰਜੀਤ ਸਿੰਘ ਪੰਡੋਰੀ ਗੋਲਾ, ਮਲਕੀਤ ਸਿੰਘ ਕੋਟਲਾ ਗੁੱਜਰ, ਅਮਰਜੀਤ ਸਿੰਘ ਫਤਹਿਗੜ੍ਹ ਚੂੜੀਆਂ, ਮਾਨਦੀਪ ਸਿੰਘ ਉਰਫ਼ ਮੱਸਾ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ। ਐਨਆਈਏ ਨੇ ਪੁਲਿਸ ਰਿਮਾਂਡ 'ਤੇ ਲਏ ਹਰਜੀਤ ਸਿੰਘ ਹੀਰਾ, ਮਾਨਦੀਪ ਸਿੰਘ ਮੱਸਾ ਤੇ ਗੁਰਜੰਟ ਸਿੰਘ ਜੰਟਾ ਨੂੰ ਮੰਗਲਵਾਰ ਸਵੇਰੇ ਤਰਨਤਾਰਨ ਲਿਆਂਦਾ।

ਪੰਜਾਬ ਪੁਲਿਸ ਦੀਆਂ ਤਿੰਨ ਗੱਡੀਆਂ 'ਤੇ ਸਵਾਰ ਹੋ ਕੇ ਤਰਨਤਾਰਨ ਪੁੱਜੀ ਐਨਆਈਏ ਦੀ ਟੀਮ ਨੇ ਸਭ ਤੋਂ ਪਹਿਲਾਂ ਬੰਬ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ। ਜਿੱਥੇ ਧਮਾਕੇ ਤੋਂ ਇਕ ਘੰਟਾ ਪਹਿਲਾਂ ਮੀਟਿੰਗ ਹੋਈ ਸੀ। ਇਹ ਘਰ ਹਰਜੀਤ ਸਿੰਘ ਹੀਰਾ ਦਾ ਦੱਸਿਆ ਜਾ ਰਿਹਾ ਹੈ। ਇੱਥੋਂ ਟੀਮ ਦੇ ਹੱਥ ਕੋਈ ਅਜਿਹੇ ਸੁਰਾਗ ਲੱਗੇ ਹਨ, ਜਿਨ੍ਹਾਂ ਰਾਹੀਂ ਪਾਕਿਸਤਾਨ ਤੇ ਜਰਮਨੀ 'ਚ ਬੈਠੇ ਖ਼ਾਲਿਸਤਾਨੀ ਸਮਰਥਕਾਂ ਦੇ ਮਨਸੂਬੇ ਜੱਗ ਜ਼ਾਹਰ ਹੋ ਸਕਦੇ ਹਨ।

ਐਨਆਈਏ ਦੀ ਟੀਮ ਪਿੰਡ ਬਚੜੇ ਵੀ ਗਈ। ਪਿੰਡ ਦੇ ਕੁਝ ਲੋਕਾਂ ਤੋਂ ਪੁੱਛਗਿੱਛ ਤੋਂ ਬਾਅਦ ਐਸਐਸਪੀ ਦਫ਼ਤਰ 'ਚ ਟੀਮ ਨੇ ਦੁਪਹਿਰ ਦਾ ਭੋਜਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੀ ਟੀਮ ਨੇ ਤਿੰਨਾਂ ਅੱਤਵਾਦੀਆਂ ਦੀ ਨਿਸ਼ਾਨਦੇਹੀ 'ਤੇ ਅਸਲਾ ਬਰਾਮਦ ਕੀਤਾ ਹੈ। ਬਰਾਮਦ ਕੀਤੇ ਅਸਲੇ 'ਚ ਕੀ ਕੁਝ ਹੈ, ਇਸ ਸਬੰਧੀ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਸ਼ਾਮ ਨੂੰ ਪਿੰਡ ਦੀਨੇਵਾਲ 'ਚ ਵੀ ਟੀਮ ਨੇ ਛਾਪੇਮਾਰੀ ਕੀਤੀ। ਦੱਸਣਯੋਗ ਹੈ ਕਿ ਗਿ੍ਫ਼ਤਾਰ ਕੀਤਾ ਅੱਤਵਾਦੀ ਮਾਨਦੀਪ ਸਿੰਘ ਮੱਸਾ ਪਿੰਡ ਦੀਨੇਵਾਲ ਦਾ ਪੰਚਾਇਤ ਮੈਂਬਰ ਹੈ ਜਿਸ ਨੇ 'ਕਰ ਭਲਾ ਹੋ ਭਲਾ' ਨਾਂ ਦੀ ਸੰਸਥਾ ਬਣਾਈ ਹੋਈ ਹੈ।

ਇਸ ਸੰਸਥਾ ਜ਼ਰੀਏ ਵਿਦੇਸ਼ਾਂ 'ਚੋਂ ਫੰਡਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਹਰਜੀਤ ਸਿੰਘ ਹੀਰਾ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਜ਼ਰੀਏ ਵਿਦੇਸ਼ੀ ਫੰਡਿੰਗ ਹੋਣ ਦੀ ਇਕ ਮਹੀਨਾ ਪਹਿਲਾਂ ਹੀ ਪੁਸ਼ਟੀ ਹੋ ਗਈ ਸੀ। ਐਸਐਸਪੀ ਧਰੁਵ ਦਹੀਆ ਕਹਿੰਦੇ ਹਨ ਕਿ ਪੰਡੋਰੀ ਗੋਲਾ ਬੰਬ ਧਮਾਕੇ ਦੀ ਜਾਂਚ ਐਨਆਈਏ ਕਰ ਰਹੀ ਹੈ। ਜਾਂਚ 'ਚ ਸਹਿਯੋਗ ਦੇਣਾ ਸਥਾਨਕ ਪੁਲਿਸ ਦਾ ਪਹਿਲਾ ਫ਼ਰਜ਼ ਹੈ। ਜਾਂਚ ਦੌਰਾਨ ਕੀ ਹੋ ਰਿਹਾ ਹੈ, ਇਸ ਸਬੰਧੀ ਕੁਝ ਵੀ ਕਹਿਣਾ ਕਿਸੇ ਵੀ ਕੀਮਤ 'ਤੇ ਮੁਨਾਸਬ ਨਹੀਂ।