ਨਵੀਨ ਰਾਜਪੂਤ, ਅੰਮ੍ਰਿਤਸਰ : ਜੰਮੂ-ਕਸ਼ਮੀਰ ਦੇ ਖ਼ਤਰਨਾਕ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਲਈ ਹੈਰੋਇਨ ਵੇਚ ਕੇ ਲੱਖਾਂ ਰੁਪਏ ਦੀ ਫੰਡਿੰਗ ਕਰਵਾਉਣ ਵਾਲੇ ਬਦਨਾਮ ਸਮੱਗਲਰ ਸਰਵਣ ਸਿੰਘ ਤੇ ਇਕਬਾਲ ਸ਼ੇਰਾ ਦੀ ਗਿ੍ਰਫ਼ਤਾਰੀ ਲਈ ਪੰਜਾਬ ਪੁਲਿਸ ਨੇ ਐਤਵਾਰ ਨੂੰ ਛਾਪਾਮਾਰੀ ਕੀਤੀ। ਖ਼ੁਫੀਆ ਏਜੰਸੀ ਦੇ ਅਫ਼ਸਰ ਤਰਨਤਾਰਨ ਜ਼ਿਲ੍ਹੇ ਦੇ ਸਰਾਏ ਅਮਾਨਤ ਖ਼ਾਂ ਥਾਣੇ ਤਹਿਤ ਪੈਂਦੇ ਪਿੰਡ ਹਵੇਲੀਆਂ (ਮੁਲਜ਼ਮਾਂ ਦੇ ਘਰ) ਵਿਚ ਦੋ ਘੰਟਿਆਂ ਤਾਈਂ ਜਾਂਚ ਕਰਦੀ ਰਹੀ।

ਪਤਾ ਲੱਗਾ ਹੈ ਕਿ ਪੁਲਿਸ ਨੇ ਸਰਵਣ ਤੇ ਸ਼ੇਰਾ ਨੂੰ ਫੜਨ ਲਈ ਮਜੀਠਾ, ਤਰਨਤਾਰਨ ਤੇ ਅੰਮਿ੍ਰਤਸਰ ਰਹਿੰਦੇ ਉਨ੍ਹਾਂ ਦੇ ਦਰਜਨ ਕੁ ਕਰੀਬੀਆਂ ਨੂੰ ਕੁਝ ਸਮੇਂ ਲਈ ਰਾਉਂਡਅੱਪ ਕੀਤਾ ਹੈ। ਜਦਕਿ ਪੁੱਛਗਿੱਛ ਮਗਰੋਂ ਇਹ ਸਾਰੇ ਛੱਡ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਿਸ, ਮੁਲਜ਼ਮਾਂ ਦੇ ਪਰਿਵਾਰਾਂ ’ਤੇ ਦਬਾਅ ਪਾ ਰਹੀ ਹੈ ਤਾਂ ਜੋ ਦੋਵੇਂ ਜਣੇ ਕਿਸੇ ਤਰ੍ਹਾਂ ਫੜੇ ਜਾ ਸਕਣ। ਪੁਲਿਸ ਅਫ਼ਸਰਾਂ ਨੇ ਦਾਅਵਾ ਕੀਤਾ ਹੈ ਕਿ ਬਦਨਾਮ ਤਸਕਰਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।

ਜਾਣਕਾਰੀ ਮੁਤਾਬਕ ਸਰਵਣ ਸਿੰਘ ਪਾਕਿ ਏਜੰਸੀ ਆਈਐੱਸਆਈ ਲਈ ਕੰਮ ਕਰਦੇ ਰਣਜੀਤ ਸਿੰਘ ਚੀਤੇ ਦਾ ਚਾਚਾ ਹੈ। ਜਾਂਚ ਦੌਰਾਨ ਸਾਹਮਣੇ ਆ ਚੁੱਕਿਆ ਹੈ ਕਿ ਸਰਵਣ, ਚੀਤੇ ਦੇ ਇਸ਼ਾਰੇ ’ਤੇ ਹੈਰੋਇਨ ਦੀਆਂ ਕਈ ਖੇਪਾਂ ਸਰਹੱਦ ਪਾਰ ਕਰਾ ਚੁੱਕਿਆ ਹੈ। ਇਹੀ ਨਹੀਂ ਉਸ ਨੇ ਆਪਣੇ ਪਿੰਡ ਦੇ ਇਕਬਾਲ ਸ਼ੇਰਾ ਨੂੰ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਬਿਠਾਇਆ ਹੋਇਆ ਹੈ। ਦੱਸਣਯੋਗ ਹੈ ਕਿ ਐੱਨਆਈਏ ਦੀ ਜਾਂਚ ਵਿਚ ਸਾਹਮਣੇ ਆ ਚੁੁੱਕਿਆ ਹੈ ਕਿ ਰਣਜੀਤ ਸਿੰਘ ਨੂੰ ਇਸ ਸਬੰਧੀ ਹਿਜਬੁਲ ਮੁਜਾਹਿਦੀਨ ਲਈ ਕੰਮ ਕਰਨ ਵਾਲੇ ਜੰਮੂ ਵਾਸੀ ਹਿਲਾਲ ਅਹਿਮਦ ਵਾਗਯੇ ਦੇ ਜ਼ਰੀਏ ਨਾਲ 29 ਲੱਖ ਰੁਪਏ ਡਰੱਗ ਮਨੀ ਅਪ੍ਰੈਲ 2020 ਨੂੰ ਭੇਜੀ ਸੀ, ਉਸ ਨੂੁੰ ਪੁਲਿਸ ਨੇ ਫੜ ਲਿਆ ਸੀ। ਇਸ ਮਗਰੋਂ ਅੰਮ੍ਰਿਤਸਰ ਪੁਲਿਸ ਨੇ ਵਾਗਯੇ ਦੇ ਦੱਸੇ ਟਿਕਾਣੇ ਹਰਿਆਣਾ ਤੋਂ ਰਣਜੀਤ ਸਿੰਘ ਨਾਂ ਦਾ ਅਨਸਰ ਜੋ 534 ਕਿੱਲੋ ਹੈਰੋਇਨ ਕੇਸ ਵਿਚ ਲੋੜੀਂਦਾ ਸੀ, ਨੂੰ ਕਾਬੂ ਕਰ ਲਿਆ ਸੀ। ਵਾਗਯੇ, ਜੰਮੂ-ਕਸ਼ਮੀਰ ਵਿਚ ਮਾਰੇ ਗਏ ਅੱਤਵਾਦੀ ਨਾਇਕੂ ਦਾ ਸੱਜਾ ਹੱਥ ਰਹਿ ਚੁੱਕਿਆ ਹੈ।

ਸਰਵਣ ਤੇ ਸ਼ੇਰੇ ਦੇ ਕਰੀਬੀ ਨਿਸ਼ਾਨੇ ’ਤੇ

ਦੱਸਣਯੋਗ ਹੈ ਕਿ ਤਸਕਰ ਸਰਵਣ ਤੇ ਇਕਬਾਲ ਸ਼ੇਰਾ ਦੇ ਕਈ ਰਿਸ਼ਤੇਦਾਰ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ ’ਤੇ ਹਨ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਈ ਸ਼ੱਕੀਆਂ ਦੇ ਮੋਬਾਈਲ ਵੀ ਟ੍ਰੈਕ ਕੀਤੇ ਜਾ ਰਹੇ ਹਨ।