ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼ਾਮ ਸਵਾ 7 ਵਜੇ ਅਰਦਾਸ ਕਰਦੇ ਹੋਏ ਗ੍ਰੰਥੀ ਭਾਈ ਬਲਦੇਵ ਸਿੰਘ ਦੀ ਤਬੀਅਤ ਖ਼ਰਾਬ ਹੋਣ ਕਾਰਨ ਅਕਾਲ ਚਲਾਣੇ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀ ਹੈ, ਜੋ ਕਿ ਬਿਲਕੁਲ ਝੂਠੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੁੱਖ ਪ੍ਰਬੰਧਕ ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਗ੍ਰੰਥੀ ਭਾਈ ਬਲਦੇਵ ਸਿੰਘ 14 ਅਪ੍ਰੈਲ ਨੂੰ ਸ਼ਾਮ ਸਵਾ 7 ਵਜੇ ਅਰਦਾਸ ਕਰ ਰਹੇ ਸਨ।

ਅਰਦਾਸ ਉਪਰੰਤ ਭਾਈ ਬਲਦੇਵ ਸਿੰਘ ਦਾ ਬੀਪੀ ਘੱਟ ਗਿਆ, ਜਿਸ ਕਾਰਨ ਉਨ੍ਹਾਂ ਨੂੰ ਘਬਰਾਹਟ ਹੋਈ ਅਤੇ ਉੱਥੇ ਹੀ ਮੌਜੂਦ ਗ੍ਰੰਥੀ ਭਾਈ ਵਿਜੈ ਸਿੰਘ ਤੇ ਭਾਈ ਕੁਲਦੀਪ ਸਿੰਘ ਨੇ ਸਹਾਰਾ ਦੇ ਕੇ ਤਖ਼ਤ ਸਾਹਿਬ ਸਥਿਤ ਮੌਜੂਦ ਡਿਸਪੈਂਸਰੀ ਦੇ ਡਾਕਟਰ ਪਾਸੋਂ ਚੈੱਕਅਪ ਕਰਵਾਇਆ। ਚੈੱਕਅਪ ਕਰਨ ਤੋਂ ਪਤਾ ਲੱਗਾ ਕਿ ਗ੍ਰੰਥੀ ਭਾਈ ਬਲਦੇਵ ਸਿੰਘ ਦਾ ਬੀਪੀ ਘਟਿਆ ਹੈ, ਜੋ ਪਹਿਲਾਂ ਵੀ ਘੱਟਦਾ ਸੀ, ਡਾਕਟਰ ਨੇ ਤੁਰੰਤ ਭਾਈ ਬਲਦੇਵ ਸਿੰਘ ਦਾ ਇਲਾਜ ਕੀਤਾ ਅਤੇ ਹੁਣ ਤਬੀਅਤ ਠੀਕ ਹੈ।

ਜੱਗੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਭਾਈ ਬਲਦੇਵ ਸਿੰਘ ਦੇ ਅਕਾਲ ਚਲਾਣੇ ਦੀ ਖ਼ਬਰ ਨਾ ਫੈਲਾਈ ਜਾਵੇ ਅਤੇ ਸੰਗਤਾਂ ਨੂੰ ਇਸ ਸਬੰਧੀ ਗੁਮਰਾਹ ਨਾ ਕੀਤਾ ਜਾਵੇ।

Posted By: Jagjit Singh