ਅਮਨਦੀਪ ਸਿੰਘ, ਅੰਮਿ੍ਤਸਰ : 'ਡੀਅਰ ਗੁੁਰਚਰਨ ਸਿੰਘ, ਨਮਸਕਾਰ, ਮੈਂ ਆਪਣੇ ਬਹੁਤ ਸਾਰੇ ਫੈਨ ਦੇਖੇ ਹਨ, ਪਰ ਤੁਹਾਡੇ ਵਰਗਾ ਦੀਵਾਨਾ ਫੈਨ ਅੱਜ ਤੱਕ ਨਹੀਂ ਦੇਖਿਆ। ਤੁਹਾਡਾ ਭੇਜਿਆ ਚੂੜਾ ਮੈਨੂੰ ਮਿਲ ਗਿਆ ਹੈ, ਮੈਂ ਇਸ ਨੂੰ ਜ਼ਰੂਰ ਆਪਣੀ ਕਿਸੇ ਫਿਲਮ ਵਿਚ ਵੀ ਪਹਿਨਾਂਗੀ ਅਤੇ ਤੁਸੀਂ ਮੈਨੂੰ ਬੰਬੇ ਆ ਮਿਲ ਸਕਦੇ ਹੋ।' ਇਹ ਸ਼ਬਦ ਬਾਲੀਵੁੱਡ ਸਟਾਰ ਮਾਧੁਰੀ ਦੀਕਸ਼ਤ ਨੇ ਅੰਮਿ੍ਤਸਰ ਦੇ ਚੰਨਾ ਚੂੜੇ ਵਾਲਾ ਨੂੰ ਲਿਖੀ ਚਿੱਠੀ ਵਿਚ ਲਿਖੇ ਹਨ।

ਮਾਧੁਰੀ ਦੀਆਂ ਲਿਖੀਆਂ ਅਜਿਹੀਆਂ ਕਈ ਚਿੱਠੀਆਂ ਅੱਜ ਵੀ ਅੰਮਿ੍ਤਸਰ ਦੇ ਪ੍ਰਸਿੱਧ ਚਰਨਜੀਤ ਸਿੰਘ ਚੰਨਾ ਚੂੜੇ ਵਾਲਾ ਨੇ ਸੰਭਾਲੀਆਂ ਹੋਈਆਂ ਹਨ ਅਤੇ ਮਾਧੁਰੀ ਦੇ ਸੱਦੇ 'ਤੇ ਉਹ ਮੁੰਬਈ ਵਿਖੇ ਉਨ੍ਹਾਂ ਨੂੰ ਮਿਲ ਵੀ ਚੁੱਕੇ ਹਨ। ਬਾਲੀਵੁੱਡ ਸਟਾਰ ਮਾਧੁਰੀ ਦੀਕਸ਼ਿਤ ਨੂੰ ਮਿਲ ਕੇ ਹਰ ਕਿਸੇ ਦਾ ਦਿਲ ਧਕ-ਧਕ ਕਰਨ ਲੱਗਦਾ ਹੈ, ਪਰ ਅੰਮਿ੍ਤਸਰ ਦੇ ਚਰਨਜੀਤ ਸਿੰਘ ਚੰਨਾ ਚੂੜਾ ਵਲੋਂ ਬਣਾਇਆ ਗਿਆ ਚੂੜਾ ਅਤੇ ਆਪਣੀ ਹੀ ਤਸਵੀਰ ਦੇਖ ਕੇ ਮਾਧੁਰੀ ਦੀਕਸ਼ਤ ਇਸ ਕਦਰ ਹੈਰਾਨ ਹੋਈ ਕਿ ਉਹ ਉਸ ਦਿਨ ਕੌਫੀ ਪੀਣਾ ਹੀ ਭੁੱਲ ਗਈ। ਇਹ ਪ੍ਰਗਟਾਵਾ 15 ਮਈ ਸ਼ਨਿਚਰਵਾਰ ਨੂੰ ਬਾਲੀਵੁੱਡ ਅਦਾਕਾਰ ਮਾਧੁਰੀ ਦੀਕਸ਼ਤ ਦਾ ਜਨਮ ਦਿਨ ਕੇਕ ਕੱਟ ਕੇ ਮਨਾਉਂਦਿਆਂ ਪ੍ਰਸਿੱਧ ਗੁਰਚਰਨ ਸਿੰਘ ਚੰਨਾ ਚੂੜੇ ਵਾਲਾ ਨੇ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਕੀਤਾ।

ਜ਼ਿਕਰਯੋਗ ਹੈ ਕਿ ਮਾਧੁਰੀ ਦੀਕਸ਼ਤ ਦਾ 15 ਮਈ ਨੂੰ ਜਨਮ ਦਿਨ ਹੈ। ਚੰਨਾ ਚੂੜੇ ਵਾਲਾ ਮਾਧੁਰੀ ਦੀਕਸ਼ਤ ਦੇ ਇਸ ਕਦਰ ਦੀਵਾਨੇ ਹਨ, ਹਰ ਸਾਲ ਉਸ ਦਾ ਜਨਮ ਦਿਨ ਕੇਕ ਕੱਟ ਕੇ ਮਨਾਉਂਦੇ ਹਨ ਅਤੇ ਆਪਣੇ ਸੱਜਣਾਂ-ਮਿੱਤਰਾਂ ਨੂੰ ਵੀ ਬੁਲਾਉਂਦੇ ਹਨ। ਆਪਣੀਆਂ ਯਾਦਾਂ ਦੇ ਪੰਨੇ ਪਲਟਦਿਆਂ ਚੰਨਾ ਚੂੜੇ ਵਾਲਾ ਦੱਸਦੇ ਹਨ ਕਿ ਉਨ੍ਹਾਂ ਨੇ ਮਾਧੁਰੀ ਦੀਕਸ਼ਤ ਨੂੰ ਆਪਣੇ ਹੱਥੀਂ ਬਣਾਇਆ ਚੂੜਾ ਅਤੇ ਇਕ ਚਿੱਠੀ ਲਿਖ ਕੇ ਭੇਜੀ ਕਿ ਕਿਸੇ ਵੀ ਫਿਲਮ ਵਿਆਹ ਦੇ ਦਿ੍ਸ਼ ਦੌਰਾਨ ਉਨ੍ਹਾਂ ਦਾ ਬਣਾਇਆ ਇਹ ਚੂੜਾ ਜ਼ਰੂਰ ਪਾਇਓ, ਜਿਸ ਦੇ ਜਵਾਬ ਵਿਚ ਮਾਧੁਰੀ ਨੇ ਉਕਤ ਚਿੱਠੀ ਲਿਖੀ ਸੀ।

1991 ਵਿਚ ਰਿਲੀਜ਼ ਹੋਈ ਮਾਧੁਰੀ ਦੀਕਸ਼ਤ ਦੀ ਹਿੰਦੀ ਫਿਲਮ 'ਖਿਲਾਫ' ਵਿਚ ਮਾਧੁਰੀ ਨੇ ਫਿਲਮ ਦੇ ਇਕ ਦਿ੍ਸ਼ ਦੌਰਾਨ ਚੰਨਾ ਚੂੜੇ ਵਾਲੇ ਦਾ ਚੂੜਾ ਪਹਿਨਿਆ ਸੀ ਜਿਸ ਨੂੰ ਫਿਲਮ ਦੇਖ ਕੇ ਚੰਨੇ ਨੇ ਝੱਟ ਪਛਾਣ ਲਿਆ, ਉਸ ਤੋਂ ਬਾਅਦ ਉਨ੍ਹਾਂ ਦੀ ਮਾਧੁਰੀ ਨੂੰ ਮਿਲਣ ਦੀ ਤਾਂਘ ਹੋਰ ਵੱਧ ਗਈ ਤੇ ਆਖਰ ਉਹ ਮੌਕਾ ਚਾਰ ਸਾਲ ਬਾਅਦ ਮਿਲ ਗਿਆ। 1997 ਵਿਚ ਰਿਲੀਜ਼ ਹੋਈ 'ਮੁਹੱਬਤ' ਫਿਲਮ ਦੀ ਸ਼ੂਟਿੰਗ ਲਈ ਮਾਧੁਰੀ 1995 ਵਿਚ ਚੰਡੀਗੜ੍ਹ ਆਈ ਸੀ। ਚੰਨੇ ਨੂੰ ਪਤਾ ਲੱਗਣ ਤੇ ਉਨ੍ਹਾਂ ਨੇ ਇਕ ਚੂੜਾ ਬਣਾਇਆ, ਜਿਸ ਵਿਚ 'ਮਾਧੁਰੀ ਦੀਕਸ਼ਤ' ਦਾ ਨਾਂ ਅਤੇ ਉਨ੍ਹਾਂ ਦੀ ਸ਼ੂਟਿੰਗ ਚੱਲ ਰਹੀ ਫਿਲਮ 'ਮੁਹੱਬਤ' ਦਾ ਨਾਂ ਲਿਖਿਆ ਅਤੇ ਇਸ ਦੀ ਇਕ ਤਸਵੀਰ ਵੀ ਬਣਵਾਈ, ਜਿਸ ਵਿਚ ਦੋਵੇਂ ਪਾਸੇ ਇਹ ਚੂੜੇ ਅਤੇ ਮਾਧੁਰੀ ਦੀ ਫੋਟੋ ਸੀ। ਚੂੜਾ ਅਤੇ ਇਹ ਫੋਟੋ ਲੈ ਕੇ ਉਹ ਚੱਲ ਪਏ ਚੰਡੀਗੜ੍ਹ ਮਾਧੁਰੀ ਨੂੰ ਮਿਲਣ। ਸ਼ੂਟਿੰਗ ਸਥਾਨ 'ਤੇ ਪਹੁੰਚ ਕੇ ਭੀੜ ਦੇਖੀ ਤਾਂ ਪਤਾ ਨਹੀਂ ਸੀ ਕਿ ਮੁਲਾਕਾਤ ਹੋਵੇਗੀ ਜਾਂ ਨਹੀਂ, ਪਰ ਫਿਲਮ ਦੇ ਡਾਇਰੈਕਟਰ ਨਾਲ ਗੱਲਬਾਤ ਕਰਨ ਤੇ ਇਹ ਚੂੜਾ ਅਤੇ ਤਸਵੀਰ ਮਾਧੁਰੀ ਕੋਲ ਭੇਜੇ ਗਏ ਤਾਂ ਉਨ੍ਹਾਂ ਤੁਰੰਤ ਚੰਨੇ ਨੂੰ ਅੰਦਰ ਬੁਲਾ ਲਿਆ।

ਚੰਨਾ ਦੱਸਦੇ ਹਨ ਕਿ ਮਾਧੁਰੀ ਨੂੰ ਮਿਲਣਾ ਉਨ੍ਹਾਂ ਲਈ ਇਕ ਸੁਪਨੇ ਬਰਾਬਰ ਸੀ। ਮਾਧੁਰੀ ਨੇ ਉਨ੍ਹਾਂ ਲਈ ਕੌਫੀ ਮੰਗਵਾਈ ਅਤੇ ਕਿਹਾ ਕਿ ਇਹ ਚੂੜਾ ਅਤੇ ਆਪਣੀ ਫੋਟੋ ਦੇਖ ਕੇ ਮੈਂ ਤਾਂ ਆਪਣੀ ਕੌਫੀ ਪੀਣਾ ਹੀ ਭੁੱਲ ਗਈ। ਮਾਧੁਰੀ ਦੀ ਇਹ ਤਸਵੀਰ ਮਾਧੁਰੀ ਦੇ ਘਰ ਵੀ ਲੱਗੀ ਹੈ ਤੇ ਚੰਨੇ ਦੇ ਘਰ ਵੀ। ਬੱਸ ਉਸ ਤੋਂ ਬਾਅਦ ਚੰਨੇ ਦਾ ਚੂੜਾ ਪੰਜਾਬ ਦੇ ਨਾਲ-ਨਾਲ ਮੁੰਬਈ ਮਾਇਆਨਗਰੀ ਵਿਚ ਵੀ ਪ੍ਰਸਿੱਧ ਹੋ ਗਿਆ। ਇਥੋਂ ਤੱਕ ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਵੀ ਆਪਣੀ ਬੇਟੀ ਈਸ਼ਾ ਦਿਓਲ ਦੇ ਵਿਆਹ ਲਈ ਚੰਨੇ ਕੋਲੋਂ ਅੰਮਿ੍ਤਸਰ ਤੋਂ ਚੂੜਾ ਲੈ ਕੇ ਗਈ ਸੀ। ਇਸ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਵਿਚ ਮਨੀਸ਼ਾ ਪਟੇਲ, ਸੋਹਾ ਅਲੀ ਖਾਨ, ਐਸ਼ਵਰਿਆ ਰਾਏ, ਸੁਰਵੀਨ ਚਾਵਲਾ ਕੋਲ ਵੀ ਚੰਨੇ ਦਾ ਚੂੜਾ ਹੈ। ਪਿਛਲੇ 40 ਸਾਲਾਂ ਤੋਂ ਚੂੜੇ ਦੇ ਕੰਮ ਨਾਲ ਜੁੜੇ ਚੰਨਾ ਮਾਧੁਰੀ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਆਪਣਾ ਜਨਮ ਦਿਨ ਮਨਾਉਣ ਜਾਂ ਨਾ ਪਰ ਪਿਛਲੇ 25 ਸਾਲਾਂ ਤੋਂ 15 ਮਈ ਨੂੰ ਮਾਧੁਰੀ ਦਾ ਜਨਮ ਦਿਨ ਮਨਾ ਰਹੇ ਹਨ ਅਤੇ ਇਸ ਸਾਲ ਮਾਧੁਰੀ 54 (15 ਮਈ 2021) ਸਾਲਾਂ ਦੀ ਹੋ ਗਈ ਹੈ।

ਉਹ ਕਹਿੰਦੇ ਹਨ ਮਾਧੁਰੀ ਦੀਆਂ ਲਿਖੀਆਂ ਚਿੱਠੀਆਂ ਮੇਰੇ ਜ਼ਿੰਦਗੀ ਦੀਆਂ ਮਿੱਠੀਆਂ ਯਾਦਾਂ ਹਨ। ਉਹ ਦੱਸਦੇ ਹਨ ਕਿ 14 ਸਾਲਾਂ ਦੀ ਉਮਰ ਤੋਂ ਚੂੜਾ ਬਣਾਉਣ ਦਾ ਕੰਮ ਸਿੱਖਣ ਲੱਗ ਪਏ ਸਨ, ਪੜ੍ਹਾਈ ਪੱਖੋਂ ਬੇਸ਼ੱਕ ਉਹ ਘਰ ਦੀਆਂ ਮਜਬੂਰੀਆਂ ਕਾਰਨ ਵਾਂਝੇ ਰਹੇ ਪਰ ਚੂੜਾ ਬਣਾਉਣ ਦੀ ਮੁਹਾਰਤ ਇਸ ਕਦਰ ਹਾਸਲ ਹੋਈ ਕਿ ਉਨ੍ਹਾਂ ਦਾ ਹੱਥੀਂ ਬਣਾਇਆ ਚੂੜਾ ਪੰਜਾਬ, ਦਿੱਲੀ, ਦੇਸ਼-ਵਿਦੇਸ਼ ਦੇ ਨਾਲ-ਨਾਲ ਮੁੰਬਈ ਵਰਗੀ ਮਾਇਆਨਗਰੀ ਵਿਚ ਪ੍ਰਸਿੱਧ ਹੋ ਗਿਆ। ਚੰਨਾ ਚੂੜੇ ਵਾਲਾ ਬਾਬਾ ਮੱਖਣ ਸਿੰਘ ਲੁਧਿਆਣਾ ਵਾਲਿਆਂ ਦੀ ਸੰਸਥਾ ਨਾਲ ਜੁੜੇ ਹਨ, ਜੋ ਹਰ ਸਾਲ ਕਈ ਗਰੀਬ ਲੜਕੀਆਂ ਦੇ ਵਿਆਹ ਕਰਦੇ ਹਨ, ਜਿਸ ਦੌਰਾਨ ਸਮਾਜ ਸੇਵਕ ਚੰਨਾ ਚੂੜੇ ਵਾਲਾ ਵੱਲੋਂ ਚੂੜੇ ਦੀ ਸੇਵਾ ਮੁਫਤ ਨਿਭਾਈ ਜਾਂਦੀ ਹੈ। ਇਸ ਮੌਕੇ ਮਨਜੀਤ ਕੌਰ, ਸ਼ਰਨਜੀਤ ਕੌਰ, ਹਰਪ੍ਰੀਤ ਸਿੰਘ, ਜਸਪ੍ਰਰੀਤ ਕੌਰ, ਹਰਗੁਨ, ਫਤਿਹ, ਏਕਮਪ੍ਰੀਤ, ਨੂਰ ਆਦਿ ਮੌਜੂਦ ਸਨ।