ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : ਪਿੰਡ ਝਬਾਲ ਪੁਖਤਾ 'ਚ ਦੇਰ ਸ਼ਾਮ ਇਕ ਨੌਜਵਾਨ ਦਾ ਸਿਰ ਵਿਚ ਬਾਲਾ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨੂੰ ਦੋ ਨੌਜਵਾਨਾਂ ਨੇ ਮਾਮੂਲੀ ਤਕਰਾਰ ਤੋਂ ਬਾਅਦ ਅੰਜਾਮ ਦਿੱਤਾ। ਮੌਕੇ 'ਤੇ ਪਹੁੰਚੀ ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ 32 ਸਾਲਾ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਝਬਾਲ ਲੈਂਟਰ ਪਾਉਣ ਦਾ ਕੰਮ ਕਰਦਾ ਸੀ ਅਤੇ ਉਸ ਨੇ ਮਿਹਨਤ ਕਰ ਕੇ ਆਪਣੀ ਮਿਕਸਰ ਮਸ਼ੀਨ ਵੀ ਬਣਾਈ ਹੋਈ ਸੀ। ਪਿੰਡ ਵਿਚ ਪੈ ਰਹੇ ਸਰਕਾਰੀ ਕੋਠਿਆਂ 'ਤੇ ਲੈਂਟਰ ਪਾਉਣ ਲਈ ਉਹ ਮਸ਼ੀਨ ਦੀ ਫਿਟਿੰਗ ਕਰ ਰਿਹਾ ਸੀ ਕਿ ਇਸੇ ਦੌਰਾਨ ਪਿੰਡ ਦੇ ਹੀ ਦੋ ਨੌਜਵਾਨਾਂ ਨਾਲ ਉਸ ਦੀ ਮਾਮੂਲੀ ਤਕਰਾਰ ਹੋ ਗਈ। ਇਸ ਕਾਰਨ ਇਕ ਨੌਜਵਾਨ ਨੇ ਉਸ ਦੇ ਹੱਥ ਫੜੇ ਅਤੇ ਦੂਸਰੇ ਨੇ ਉਸ ਦੇ ਸਿਰ ਵਿਚ ਲੱਕੜ ਦਾ ਬਾਲਾ ਮਾਰ ਦਿੱਤਾ। ਗੰਭੀਰ ਜ਼ਖਮੀ ਹੋਏ ਹਰਦੀਪ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਮਿ੍ਤਕ ਦੀ ਪਤਨੀ ਸੁਖਬੀਰ ਕੌਰ ਅਤੇ ਮਾਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਹਰਦੀਪ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਆਪਣੀ 8 ਸਾਲ ਦੀ ਬੱਚੀ ਅਤੇ 6 ਸਾਲ ਦੇ ਲੜਕੇ ਸਮੇਤ ਪਰਿਵਾਰ ਦਾ ਪਾਲਣ ਪੋਛਣ ਇਹੋ ਕਰਦਾ ਸੀ। ਮੌਕੇ 'ਤੇ ਪਹੁੰਚੇ ਥਾਣਾ ਝਬਾਲ ਦੇ ਸਹਾਇਕ ਐੱਸਐੱਚਓ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਪਰਿਵਾਰ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਇਸ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।