ਜੇਐੱਨਐੱਨ, ਅੰਮ੍ਰਿਤਸਰ : ਕੰਬੋ ਥਾਣਾ ਤਹਿਤ ਪੈਂਦੇ ਰੂਪੋਵਾਲੀ ਖੁਰਦ ਪਿੰਡ ਕੋਲ ਕੁਝ ਲੋਕਾਂ ਨੇ ਐਤਵਾਰ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਇਕ ਕਾਰਪੇਂਟਰ ਦਾ ਕਤਲ ਕਰ ਦਿੱਤਾ। ਮਿ੍ਤਕ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ। ਕਤਲ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗਾ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮਿ੍ਤਕ ਨਾਲ ਕਿਸੇ ਵੀ ਤਰ੍ਹਾਂ ਦੀ ਲੁੱਟ ਨਹੀਂ ਹੋਈ ਹੈ।

ਉਸ ਦਾ ਸਾਰਾ ਸਮਾਨ ਉਸੇ ਤਰ੍ਹਾਂ ਪਿਆ ਸੀ। ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲੁੱਟ ਤੇ ਪੁਰਾਣੀ ਰੰਜ਼ਿਸ਼ ਦੇ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਕੱਥੂਨੰਗਲ ਦੇ ਬੱਸ ਅੱਡੇ ’ਤੇ ਰਹਿਣ ਵਾਲੇ ਨਿਰਮਲ ਸਿੰਘ ਲੋਹਾਰਕਾ ਰੋਡ ’ਤੇ ਇਕ ਫਰਨੀਚਰ ਦੀ ਦੁਕਾਨ ’ਤੇ ਕੰਮ ਕਰਦਾ ਸੀ।

ਐਤਵਾਰ ਦੇਰ ਰਾਤ ਉਹ ਆਪਣਾ ਕੰਮ ਖਤਮ ਕਰ ਕੇ ਆਪਣੇ ਕਿਸੇ ਦੋਸਤ ਦੇ ਘਰ ਰੂਪੋਵਾਲ ਖੁਰਦ ਵੱਲ ਇਕੱਲਾ ਹੀ ਜਾ ਰਿਹਾ ਸੀ। ਰਾਹ ’ਚ ਕੁਝ ਲੋਕਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਰਾਹਗੀਰਾਂ ਨੇ ਵੇਖਿਆ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਦੋ ਤਕ ਉਸ ਦੀ ਮੌਤ ਹੋ ਚੁੱਕੀ ਸੀ।

Posted By: Jagjit Singh