ਨਿਤਿਨ ਕਾਲੀਆ, ਛੇਹਰਟਾ : ਖ਼ਾਲਸਾ ਪਬਲਿਕ ਸਕੂਲ ਦੇ ਬਾਹਰ ਮਨਜੀਤ ਕੌਰ ਤੇ ਸੁਮਿਤ ਦੇ ਸਿਰ ਧੜ ਕਿਸੇ ਨੇ ਕਤਲ ਕਰ ਕੇ ਵੱਖ ਨਹੀਂ ਕੀਤੇ ਸਨ ਸਗੋਂ ਸੜਕ ਹਾਦਸੇ ਦੌਰਾਨ ਵੱਖ ਹੋਏ ਹਨ। ਮੰਗਲਵਾਰ ਰਾਤ ਤੋਂ ਪੁਲਿਸ ਦੀ ਫੌਰੈਂਸਿਕ ਟੀਮ ਘਟਨਾ ਸਥਾਨ 'ਤੇ ਕਈ ਨੁਕਤਿਆਂ 'ਤੇ ਕੰਮ ਕਰਦੀ ਰਹੀ ਪਰ ਬੁੱਧਵਾਰ ਦੁਪਹਿਰ ਪੁਲਿਸ ਕਮਿਸ਼ਨਰ ਐੱਸਐੱਸ ਸ਼੍ਰੀਵਾਸਤਵ ਨੇ ਦੱਸਿਆ ਕਿ ਬੀਆਰਟੀਐੱਸ ਦੀ ਗਰਿੱਲ ਨਾਲ ਸਕੂਟਰੀ ਸਵਾਰ 3 ਸਵਾਰਾਂ ਦਾ ਹਾਦਸਾ ਹੋਇਆ ਹੈ।

ਘਟਨਾ ਸਥਾਨ 'ਤੇ ਕਿਸੇ ਤਰ੍ਹਾਂ ਦੀ ਬਿਜਲੀ ਦਾ ਇੰਤਜ਼ਾਮ ਨਹੀਂ ਸੀ। ਓਵਰ ਸਪੀਡ ਸਕੂਟਰੀ ਰਾਤ 11 ਵਜੇ ਗਰਿੱਲ ਵਿਚ ਜਾ ਵੱਜੀ ਸੀ, ਇਸ ਦੌਰਾਨ ਸਕੂਟਰੀ ਚਲਾ ਰਹੇ ਸੁਮਿਤ ਅਤੇ ਪਿੱਛੇ ਬੈਠੀ ਮਨਜੀਤ ਕੌਰ ਦੀ ਗਰਦਨ ਲੋਹੇ ਦੀ ਗਰਿੱਲ ਵਿਚ ਜ਼ੋਰ ਨਾਲ ਵੱਜੀ ਤਾਂ ਸਿਰ, ਧੜ ਤੋਂ ਵੱਖ ਹੋ ਗਏ। ਪਿੱਛੇ ਬੈਠੇ ਰਘੂ ਰਾਜਾ ਦੇ ਸਿਰ 'ਤੇ ਡੂੰਘੀਆਂ ਸੱਟਾਂ ਲੱਗੀਆਂ ਹਨ, ਜਿਸ ਨੂੰ ਨਿੱਜੀ ਹਸਪਤਾਲ ਦੇ ਆਈਸੀਯੂ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮਰਨ ਵਾਲਿਆਂ ਦੀ ਪਛਾਣ ਖ਼ਜ਼ਾਨਾ ਗੇਟ ਵਾਸੀ ਸੁਮਿਤ ਮਿੱਕੀ ਤੇ ਬਟਾਲਾ ਧਰਮਕੋਟ ਦੀ ਵਸਨੀਕ ਮਨਜੀਤ ਕੌਰ ਵਜੋਂ ਕੀਤੀ ਹੈ, ਗੰਭੀਰ ਜ਼ਖ਼ਮੀ ਘੰਣੂੁਪੁਰ ਕਾਲਾ ਦਾ ਵਸਨੀਕ ਰਘੂ ਰਾਜਾ ਹੈ।

ਦੱਸਣਯੋਗ ਹੈ ਕਿ ਮਨਜੀਤ ਕੌਰ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ, ਸੁਮਿਤ ਮਿੱਕੀ ਲਾਟਰੀ ਤੇ ਸਬਜ਼ੀ ਵਗੈਰਾ ਵੇਚਦਾ ਸੀ। ਤਿੰਨੋਂ ਜਣੇ ਰਾਤ ਨੂੰ ਸਕੂਟਰੀ ਰਾਹੀਂ ਛੇਹਰਟਾ ਤੋਂ ਭੰਡਾਰੀ ਪੁਲ ਵੱਲ ਸਫ਼ਰ ਰਹੇ ਸਨ ਕਿ ਉਨ੍ਹਾਂ ਦੀ ਸਕੂਟਰੀ ਬੀਆਰਟੀਐਸ ਦੀ ਗਰਿੱਲ ਵਿਚ ਜਾ ਵੱਜੀ।

ਘਟਨਾ ਦਾ ਦੂਜਾ ਪਾਸਾ

ਪੁਲਿਸ ਕਮਿਸ਼ਨਰ ਤੋਂ ਲੈ ਕੇ ਥਾਣਾ ਮੁਖੀ ਸੁਖਜਿੰਦਰ ਸਿੰਘ ਮਾਮਲੇ ਨੂੰ ਹਾਦਸਾ ਦੱਸ ਰਹੇ ਹਨ ਪਰ ਜਿਸ ਤਰ੍ਹਾਂ ਮਨਜੀਤ ਤੇ ਸੁਮਿਤ ਦੇ ਸਿਰ ਧੱੜ ਤੋਂ ਵੱਖ ਹੋਏ ਹਨ, ਉਹ ਕਿਸੇ ਤੇਜ਼ਧਾਰ ਹਥਿਆਰ ਨਾਲ ਵੱਢੇ ਜਾਪਦੇ ਹਨ, ਪੁਲਿਸ ਦੀ ਥਿਊਰੀ 'ਤੇ ਹਾਲੇ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ।

ਸਥਿਤੀ ਸ਼ੱਕੀ

'ਹਾਦਸੇ' ਤੋਂ ਬਾਅਦ ਤਿੰਨਾਂ ਵਿੱਚੋਂ ਕਿਸੇ ਇਕ ਦੀ ਜੇਬ ਵਿੱਚੋਂ ਕੋਈ ਸ਼ਨਾਖਤੀ ਕਾਰਡ ਵਗੈਰਾ ਨਹੀਂ ਮਿਲਿਆ ਹੈ। ਸਕੂਟਰੀ 'ਤੇ ਕੋਈ ਰਜਿਸਟਰਡ ਨੰਬਰ ਨਹੀਂ ਸੀ ਤੇ ਨਾ ਹੀ ਉਸ ਵਿੱਚੋਂ ਕੋਈ ਦਸਤਾਵੇਜ਼ ਮਿਲ ਸਕਿਆ।