ਤਜਿੰਦਰ ਸਿੰਘ, ਅਟਾਰੀ : ਅੰਮਿ੍ਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਸ ਨੇ ਸੀਮਾ ਸੁੱਰਖਿਆ ਬਲ ਨਾਲ ਮਿਲ ਕੇ ਸਰਹੱਦੀ ਪਿੰਡ ਭੈਣੀ ਰਾਜਪੂਤਾਂ ਦੇ ਸਮੱਗਲਰ ਸ਼ਮਸ਼ੇਰ ਸਿੰਘ ਸ਼ੇਰਾ ਦੀ ਨਿਸ਼ਾਨਦੇਹੀ 'ਤੇ 13 ਕਿੱਲੋ 720 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ। ਜਿਸ ਦਾ ਅੰਤਰਰਾਸ਼ਟਰੀ ਮੰਡੀ ਵਿਚ ਮੁੱਲ ਕਰੀਬ 68 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਆਈਜੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਨਾਨਕ ਸਿੰਘ (ਕਾਂਗਰਸੀ ਸਰਪੰਚ) ਵਾਸੀ ਭੈਣੀ ਰਾਜਪੂਤਾਂ ਪੁਲਿਸ ਸਟੇਸ਼ਨ ਘਰਿੰਡਾ ਕੋਲੋਂ 28 ਲੱਖ ਰੁਪਏ ਅਤੇ 7 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਹਿਰਾਸਤ ਵਿਚ ਲਿਆ ਸੀ। ਜਿਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ 'ਤੇ ਇਕ ਕਿੱਲੋ ਹੈਰੋਇਨ ਹੋਰ ਬਰਾਮਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਮੱਗਲਰ ਦਾ ਪੁਲਿਸ ਨੇ ਅਦਾਲਤ ਕੋਲੋਂ ਫਿਰ ਰਿਮਾਂਡ ਲਿਆ। ਪੁੱਛਗਿੱਛ ਦੌਰਾਨ ਇਸ ਕੋਲੋਂ ਸਰਹੱਦੀ ਪਿੰਡ ਦਾਉਕੇ ਦੇ ਨਾਲ ਲਗਦੀ ਭਾਰਤੀ ਸਰਹੱਦ ਜਿੱਥੇ ਕਿ ਕੰਡਿਆਲੀ ਤਾਰ ਲਗੀ ਹੈ, ਉਸ ਪਾਰੋਂ 13 ਕਿੱਲੋ 720 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਆਈਜੀ ਪਰਮਾਰ ਨੇ ਦੱਸਿਆ ਕਿ ਏਨੀ ਵੱਡੀ ਮਿਕਦਾਰ ਵਿਚ ਹੈਰੋਇਨ ਫੜੀ ਜਾਣੀ ਇਹ ਸੰਕੇਤ ਦਿੰਦੀ ਹੈ ਕਿ ਸ਼ਮਸ਼ੇਰ ਸਿੰਘ ਸ਼ੇਰਾ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਿੱਧੇ ਸਬੰਧ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਸ਼ਮਸ਼ੇਰ ਸਿੰਘ ਸ਼ੇਰਾ ਕੋਲੋਂ 22 ਕਿੱਲੋ 220 ਗ੍ਰਾਮ ਹੈਰੋਇਨ ਬਰਾਮਦ ਹੋ ਚੁੱਕੀ ਹੈ। ਉਨ੍ਹਾਂ ਸੋਸ਼ਲ ਮੀਡੀਆ ਜ਼ਰੀਏ ਸ਼ੇਰਾ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹੋਣ ਦੀ ਗੱਲ ਵੀ ਕੀਤੀ।