ਮਨੋਜ ਕੁਮਾਰ, ਛੇਹਰਟਾ : ਪੁਲਿਸ ਪਾਰਟੀ 'ਤੇ ਹਮਲਾ ਕਰਨ ਤੇ ਡਿਊਟੀ 'ਚ ਵਿਘਨ ਪਾਉਣ 'ਤੇ ਥਾਣਾ ਇਸਲਾਮਾਬਾਦ ਅਧੀਨ ਆਉਂਦੀ ਪੁਲਿਸ ਚੌਕੀ ਕਰੀਬ ਪਾਰਕ ਦੇ ਮੁਲਾਜ਼ਮਾਂ ਨੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਇਨ੍ਹਾਂ 'ਚੋਂ ਇਕ ਮੁਲਜ਼ਮ ਪੁੁਲਿਸ ਮੁਲਾਜ਼ਮ ਤੇ ਦੂਜਾ ਲਾਅ ਦਾ ਵਿਦਿਆਰਥੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪੁਲਿਸ ਚੌਕੀ ਕਬੀਰ ਪਾਰਕ ਦੇ ਇੰਚਾਰਜ ਸਰਬਜੀਤ ਸਿੰਘ ਨੂੰ ਇਤਲਾਹ ਮਿਲੀ ਕਿ ਸਤਿਗੁਰੂ ਰਾਮ ਸਿੰਘ ਐਵੀਨਿਊ ਕਾਲੋਨੀ ਵਿਚ ਅਕਸਰ ਹੀ ਮੁੰਡੇ-ਕੁੜੀਆਂ ਇਕ ਕੋਠੀ 'ਚ ਆਉਂਦੇ ਹਨ। ਹੁਣ ਵੀ ਇਸ ਕੋਠੀ ਵਿਚ ਨੌਜਵਾਨ ਇਕ ਲੜਕੀ ਨੂੰ ਲੈ ਕੇ ਅੰਦਰ ਵੜਿਆ ਹੈ। ਇਸ 'ਤੇ ਚੌਕੀ ਇੰਚਾਰਜ ਏਐੱਸਆਈ ਸਰਬਜੀਤ ਸਿੰਘ ਸਾਥੀ ਮੁਲਾਜ਼ਮਾਂ ਏਐੱਸਆਈ ਅਮਰਜੀਤ ਸਿੰਘ, ਮਹਿਲਾ ਕਾਂਸਟੇਬਲ ਕੁਲਵੰਤ ਕੌਰ ਨਾਲ ਮੌਕੇ 'ਤੇ ਪੁੱਜੇ। ਕੋਠੀ ਦਾ ਗੇਟ ਖੜਕਾਉਣ 'ਤੇ ਇਕ ਨੌਜਵਾਨ ਨੇ ਕਾਫੀ ਦੇਰ ਬਾਅਦ ਗੇਟ ਖੋਲਿ੍ਹਆ। ਚੌਕੀ ਇੰਚਾਰਜ ਏਐੱਸਆਈ ਸਰਬਜੀਤ ਸਿੰਘ ਵੱਲੋਂ ਪੁੱਛਣ 'ਤੇ ਕਿ ਕੋਠੀ ਅੰਦਰ ਹੋਰ ਕੌਣ ਹੈ, ਨੌਜਵਾਨ ਨੇ ਕਿਹਾ ਕਿ ਕੋਠੀ ਅੰਦਰ ਉਸ ਦੀ ਮਹਿਲਾ ਦੋਸਤ ਹੈ। ਜਦੋਂ ਚੌਕੀ ਇੰਚਾਰਜ ਏਐੱਸਆਈ ਸਰਬਜੀਤ ਸਿੰਘ ਨੇ ਮਹਿਲਾ ਮੁਲਾਜ਼ਮ ਦੀ ਹਾਜ਼ਰੀ ਵਿਚ ਲੜਕੀ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਇਕ ਹੋਰ ਨੌਜਵਾਨ ਕਾਹਲੀ ਨਾਲ ਅੰਦਰ ਆਇਆ ਤੇ ਬਹਿਸ ਕਰਨ ਲੱਗ ਪਿਆ। ਕੋਠੀ ਵਿਚ ਮੌਜੂਦ ਲੜਕੀ ਜਦੋਂ ਕੋਠੀ ਤੋਂ ਬਾਹਰ ਜਾਣ ਲੱਗੀ ਤਾਂ ਮਹਿਲਾ ਮੁਲਾਜ਼ਮ ਵੱਲੋਂ ਰੋਕਣ 'ਤੇ ਇਕ ਨੌਜਵਾਨ ਨੇ ਮਹਿਲਾ ਮੁਲਾਜ਼ਮ ਨੂੰ ਬਾਂਹ ਤੋਂ ਫੜ ਲਿਆ। ਇਸ ਦੇ ਨਤੀਜੇ ਵਜੋ ਕੋਠੀ ਵਿਚ ਮੌਜੂਦ ਲੜਕੀ ਉਥੋਂ ਭੱਜਣ ਵਿਚ ਕਾਮਯਾਬ ਹੋ ਗਈ। ਇਸ ਦੌਰਾਨ ਦੋਵੇਂ ਨੌਜਵਾਨਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਵੀ ਕੀਤੀ। ਇਸ 'ਤੇ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਗੁਰਮਹਿਕਪ੍ਰਰੀਤ ਸਿੰਘ ਉਰਫ਼ ਮਹਿਕ ਵਾਸੀ ਵਿਸ਼ਕਰਮਾ ਕਾਲੋਨੀ ਪੱਟੀ ਸ਼ਹਿਰ ਜ਼ਿਲ੍ਹਾ ਤਰਨ ਤਾਰਨ ਤੇ ਮਨਪ੍ਰਰੀਤ ਸਿੰਘ ਵਾਸੀ ਪਿੰਡ ਸੰਗ ਢੇਸੀਆ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਜੋਂ ਹੋਈ। ਦੋਵਾਂ ਮੁਲਜ਼ਮਾਂ 'ਤੇ ਥਾਣਾ ਇਸਲਾਮਾਬਾਦ 'ਚ ਪੁਲਿਸ ਨਾਲ ਧੱਕਾ ਮੁੱਕੀ ਕਰ ਕੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।