<

p> ਜੇਐੱਨਐੱਨ, ਅੰਮਿ੍ਤਸਰ : ਰਣਜੀਤ ਐਵੀਨਿਊ ਦੇ ਬੀ ਬਲਾਕ ਵਿਚ ਲੱਗੇ ਜਾਮ ਨੂੰ ਹਟਾਉਣ ਪਹੁੰਚੀ ਪੁਲਿਸ ਟੀਮ 'ਤੇ ਕੁਝ ਲੋਕਾਂ ਨੇ ਬੁੱਧਵਾਰ ਦੀ ਸ਼ਾਮ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਹਮਲਾ ਕਰਨ ਵਾਲੇ ਚਾਰ ਦੋਸਤ ਸ਼ਰਾਬ ਦੇ ਨਸ਼ੇ ਵਿਚ ਟੱਲੀ ਸਨ। ਰੌਲਾ ਪੈਂਦਾ ਦੇਖ ਨਜ਼ਦੀਕ ਦੇ ਇਕ ਰੈਸਟੋਰੈਂਟ ਵਿਚ ਪੁੱਜੇ ਏਡੀਸੀਪੀ ਜੁਗਰਾਜ ਸਿੰਘ ਤੁਰੰਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਮੌਕੇ 'ਤੇ ਮੌਜੂਦ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਹਮਲਾਵਰਾਂ ਨਾਲ ਭਿੜ ਰਹੇ ਪੁਲਿਸ ਮੁਲਾਜ਼ਮਾਂ ਦਾ ਸਹਿਯੋਗ ਕਰਨ ਨੂੰ ਕਿਹਾ। ਦੇਖਦੇ ਹੀ ਦੇਖਦੇ ਪੁਲਿਸ ਨੇ ਸਾਰੇ ਚਾਰਾਂ ਨੂੰ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਥਾਣੇ ਲੈ ਗਏ। ਬੁੱਧਵਾਰ ਦੀ ਸ਼ਾਮ ਰਣਜੀਤ ਐਵੀਨਿਊ ਦੀ ਬੀ ਬਲਾਕ ਮਾਰਕੀਟ ਵਿਚ ਕਾਰਾਂ ਦੀ ਗ਼ੈਰ-ਕਾਨੂੰਨੀ ਪਾਰਕਿੰਗ ਕਾਰਨ ਜਾਮ ਦੇ ਹਾਲਾਤ ਬਣ ਗਏ ਸਨ। ਲੋਕਾਂ ਨੇ ਰਣਜੀਤ ਐਵੀਨਿਊ ਥਾਣਾ ਇੰਚਾਰਜ ਸਬ ਇੰਸਪੈਕਟਰ ਰੋਬਿਨ ਹੰਸ ਨੂੰ ਜਾਮ ਬਾਰੇ ਜਾਣਕਾਰੀ ਦਿੱਤੀ। ਦੇਖਦੇ ਹੀ ਦੇਖਦੇ ਰਣਜੀਤ ਐਵੀਨਿਊ ਥਾਣੇ ਦੇ ਚਾਰ ਮੁਲਾਜ਼ਮ ਸਰਕਾਰੀ ਗੱਡੀ ਵਿਚ ਜਾਮ ਹਟਵਾਉਣ ਲਈ ਪਹੁੰਚ ਗਏ। ਇਕ ਮੁਲਾਜ਼ਮ ਲਾਊਡ ਸਪੀਕਰ ਜ਼ਰੀਏ ਸੜਕਾਂ 'ਤੇ ਲੱਗੀ ਕਾਰਾਂ ਨੂੰ ਹਟਵਾਉਣ ਦੀ ਅਪੀਲ ਕਰ ਰਿਹਾ ਸੀ। ਇਸੇ ਦੌਰਾਨ ਸੂਰਯਾ ਹੋਟਲ ਦੇ ਸਾਹਮਣੇ ਚਾਰ ਨੌਜਵਾਨਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਉੱਥੋਂ ਚਲੇ ਜਾਣ ਦੀ ਚਿਤਾਵਨੀ ਦਿੱਤੀ। ਮੁਲਾਜ਼ਮਾਂ ਨੇ ਜਦੋਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਟੀਮ ਦੇ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਚਾਰਾਂ ਨੇ ਪਹਿਲਾਂ ਪੁਲਿਸ ਮੁਲਾਜ਼ਮਾਂ ਨੂੰ ਘੇਰ ਲਿਆ ਲੇਕਿਨ ਕਿਸੇ ਤਰ੍ਹਾਂ ਪੁਲਿਸ ਮੁਲਾਜ਼ਮ ਇਕ ਨੌਜਵਾਨ ਨੂੰ ਚੁੱਕ ਕੇ ਸਰਕਾਰੀ ਗੱਡੀ ਵਿਚ ਪਾਉਣ ਵਿਚ ਕਾਮਯਾਬ ਹੋ ਗਏ ਲੇਕਿਨ ਮੁਲਜ਼ਮ ਲਗਾਤਾਰ ਪੁਲਿਸ ਟੀਮ 'ਤੇ ਹਾਵੀ ਹੁੰਦੇ ਰਹੇ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਾਹਰ ਚੱਲ ਰਹੇ ਘਟਨਾਕ੍ਮ ਦੀ ਭਿਣਕ ਰੈਸਟੋਰੈਂਟ ਦੇ ਅੰਦਰ ਬੈਠੇ ਏਡੀਸੀਪੀ ਜੁਗਰਾਜ ਸਿੰਘ ਨੂੰ ਲੱਗੀ। ਪੁਲਿਸ 'ਤੇ ਹਮਲੇ ਦੀ ਗੱਲ ਦਾ ਪਤਾ ਲੱਗਦੇ ਹੀ ਉਹ ਤੇਜ਼ੀ ਨਾਲ ਘਟਨਾ ਸਥਾਨ ਤਰਫ ਦੌੜ ਪਏ। ਘਟਨਾ ਸਥਾਨ ਤੋਂ ਕੁੱਝ ਹੀ ਦੂਰੀ 'ਤੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਬੈਠੇ ਹੋਏ ਸਨ। ਉਨ੍ਹਾਂ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਆਦੇਸ਼ ਦਿੱਤਾ ਕਿ ਉਹ ਤੁਰੰਤ ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਦਾ ਸਹਿਯੋਗ ਕਰੀਏ ਅਤੇ ਭਿੜ ਰਹੇ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਛੱਡਣ। ਦੇਖਦੇ ਹੀ ਦੇਖਦੇ ਪੁਲਿਸ ਮੁਲਾਜ਼ਮਾਂ ਨੇ ਸਾਰੇ ਚਾਰਾਂ ਨੂੰ ਕਾਬੂ ਕਰ ਲਿਆ ਅਤੇ ਥਾਣੇ ਲੈ ਗਏ। ਏਡੀਸੀਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇਗਾ।