ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਕੀਰਤਨ ਦੌਰਾਨ ਰੋਕਾਂ ਲਾਉਣ, ਰਾਗੀ ਸਿੰਘਾਂ ਬਾਰੇ ਟਿਪਣੀਆਂ ਕਰਨ ਅਤੇ ਰਾਗੀ ਸਿੰਘਾਂ ਨੂੰ ਤੰਗ ਕਰਨ 'ਤੇ ਸ੍ਰੀ ਦਰਬਾਰ ਸਾਹਿਬ ਦੇ ਕਰੀਬ 70 ਰਾਗੀ ਜਥਿਆਂ ਨੇ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਡਿਊਟੀ ਦੌਰਾਨ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।

ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਓਂਕਾਰ ਸਿੰਘ ਅਤੇ ਸਰਪ੍ਰਸਤ ਭਾਈ ਰਵਿੰਦਰ ਸਿੰਘ ਦੀ ਅਗਵਾਈ ਹੇਠ ਰਾਗੀ ਜਥੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕਰਨ ਲਈ ਆਏ। ਰਾਗੀ ਸਿੰਘਾਂ ਨੇ ਦੱਸਿਆ ਕਿ ਗਿਆਨੀ ਜਗਤਾਰ ਸਿੰਘ ਦੇ ਵਤੀਰੇ ਕਾਰਨ ਰਾਗੀ ਜਥਿਆਂ ਨੂੰ ਸੇਵਾ ਨਿਭਾਉਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਅਕਸਰ ਗਿਆਨੀ ਜਗਤਾਰ ਸਿੰਘ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਦੇ ਸਮੇਂ ਰਾਗੀ ਸਿੰਘਾਂ ਬਾਰੇ ਗ਼ਲਤ ਟਿੱਪਣੀਆਂ ਕਰਦੇ ਹਨ। ਸਮੇਂ-ਸਮੇਂ 'ਤੇ ਉਹ ਚਲਦੇ ਕੀਰਤਨ ਨੂੰ ਰੋਕ ਦਿੰਦੇ ਹਨ। ਉਹ ਰਾਗੀ ਸਿੰਘਾਂ ਦੀਆਂ ਡਿਊਟੀਆਂ ਬੰਦ ਕਰਨ, ਬਦਲੀਆਂ ਕਰਨ ਵਿਚ ਰਹਿੰਦੇ ਹਨ। ਕਈ ਸਾਲਾਂ ਤੋਂ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਦੀਆਂ ਡਿਊਟੀਆਂ ਬੰਦ ਕੀਤੀਆਂ ਹੋਈਆਂ ਹਨ। ਭਾਈ ਜਬਰਤੋੜ ਸਿੰਘ ਦੀ ਪਿਛਲੇ ਕਈ ਸਾਲਾਂ ਤੋਂ ਡਿਊਟੀ ਇਸ ਕਾਰਨ ਬੰਦ ਹੈ ਕਿ ਉਹ ਗਿਆਨੀ ਜਗਤਾਰ ਸਿੰਘ ਦੇ ਕਹੇ 'ਤੇ ਨਹੀਂ ਚੱਲੇ।

ਰਾਗੀ ਸਿੰਘਾਂ ਨੇ ਦੱਸਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਰਾਗੀ ਸਿੰਘਾਂ ਦਾ ਸਤਿਕਾਰ ਬਹਾਲ ਰੱਖਿਆ ਜਾਵੇਗਾ। ਇਸ ਮੌਕੇ ਭਾਈ ਹਰਕਿਸ਼ਨ ਸਿੰਘ, ਭਾਈ ਜਗਤਾਰ ਸਿੰਘ, ਭਾਈ ਰਾਏ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਸੁਲਖਨ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਜੁਝਾਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਤਾਰਨਬੀਰ ਸਿੰਘ, ਭਾਈ ਬਿਕਰਮਜੀਤ ਸਿੰਘ ਆਦਿ ਜਥੇ ਹਾਜ਼ਰ ਸਨ।