ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੀ ਇਕੱਤਰਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਕੈਂਪ ਦਫਤਰ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਜਿਸ ਵਿਚ ਉਨ੍ਹਾਂ ਨਾਲ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾਂ ਆਦਿ ਨੇ ਹਿੱਸਾ ਲਿਆ ਅਤੇ ਸਰਬਸੰਮਤੀ ਨਾਲ 5 ਮਤੇ ਪਾਸ ਕੀਤੇ।

ਮਤਾ ਨੰਬਰ 1 : ਅੱਜ ਦੀ ਇਕੱਤਰਤਾ ਅਜੋਕੇ ਨਾਜ਼ੁਕ ਸਮੇਂ ਤੋਂ ਇਹ ਮਹਿਸੂਸ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸਮੁੱਚੇ ਸਿੱਖ ਪੰਥ ਅਤੇ ਸਮੂਹ ਧਿਰਾਂ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਗੈਬਾਂ ਅਤੇ ਇੱਛਾਵਾਂ ਦੀ ਪ੍ਰਾਪਤੀ ਅਤੇ ਪੂਰਤੀ ਦਾ ਪ੍ਰਤੀਕ ਹੋਵੇਗਾ। ਇਕੱਤਰਤਾ ਦੀਰਘ ਵਿਚਾਰ ਕਰਦੀ ਹੈ ਕਿ ਬਾਦਲ ਪਰਿਵਾਰ ਦੇ ਤਾਨਾਸ਼ਾਹੀ ਅਤੇ ਭ੍ਰਿਸ਼ਟਾਚਾਰ ਰਵੱਈਏ ਨੇ ਸਿੱਖਾਂ ਦੀ ਪਾਰਲੀਮੈਂਟ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਮਹਾਨ ਧਾਰਮਿਕ ਸੰਸਥਾ ਦਾ ਪੂਰੀ ਤਰ੍ਹਾਂ ਨਾਲ ਰਾਜਸੀਕਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਭਾਰੀ ਠੇਸ ਪਹੁੰਚਾਈ। ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰਨਾਂ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਆਪਣੇ ਘਰ ਸੱਦ ਕੇ ਅਖੌਤੀ ਸਾਧ ਰਾਮ ਰਹੀਮ ਨੂੰ ਬਿਨਾਂ ਮੰਗਿਆਂ ਮਾਫ਼ੀ ਦੇਣ ਦੀ ਪ੍ਰਕਿਰਿਆ ਨੂੰ ਮਹਾਨ ਸਿੱਖ ਸੰਸਥਾਵਾਂ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰ ਦਿੱਤਾ ਹੈ ।

ਮਤਾ ਨੰਬਰ 2 : ਅੱਜ ਦੀ ਇਕੱਤਰਤਾ ਦਿੱਲੀ ਦੀ ਅਦਾਲਤ ਵਲੋਂ ਹਜ਼ਾਰਾਂ ਮਾਸੂਮ ਅਤੇ ਨਿਹੱਥੇ ਸਿੱਖਾਂ ਦੇ ਕਾਤਲ ਅਤੇ ਕਾਂਗਰਸ ਪਾਰਟੀ ਦੇ ਆਗੂ ਸੱਜਣ ਕੁਮਾਰ ਨੂੰ ਮੌਤ ਤਕ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫੈਸਲੇ ਉੱਤੇ ਭੁੱਬ ਰਾਹਤ ਅਤੇ ਸੰਤੁਸ਼ਟੀ ਪ੍ਰਗਟ ਕਰਦੀ ਹੈ ਅਤੇ ਕਤਲੇਆਮ ਦੇ ਦੋਸ਼ੀਆਂ ਨੂੰ ਅੰਜਾਮ ਤਕ ਪਹੁੰਚਾਉਣ ਅਤੇ ਮੋਹਰੀ ਭੂਮਿਕਾ ਨਿਭਾਉਣ ਵਾਲੇ ਵਕੀਲ ਹਰਿੰਦਰ ਸਿੰਘ ਫੂਲਕਾ ਦਾ ਵਿਸ਼ੇਸ਼ ਤੌਰ ਤੇ ਅਤੇ ਹੋਰ ਕਨੂੰਨੀ ਮਾਹਰਾਂ ਵਕੀਲਾਂ, ਬੁੱਧੀਜੀਵੀਆਂ, ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਹੀਆਂ ਸੰਸਥਾਵਾਂ ਅਤੇ ਸਾਰੇ ਗਵਾਹਾਂ ਦਾ ਭਰਪੂਰ ਸ਼ਬਦਾਂ ਵਿਚ ਧੰਨਵਾਦ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ ।

ਮਤਾ ਨੰਬਰ 3 : ਇਕੱਤਰਤਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਰਿੰਦਰ ਮੋਦੀ ਤੇ ਇਮਰਾਨ ਖਾਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਪ੍ਰਸੰਸਾ ਕਰਦੀ ਹੈ ਅਤੇ ਮਹਿਸੂਸ ਕਰਦੀ ਹੈ ਕਿ ਕਰੋੜਾਂ ਗੁਰੂ ਨਾਨਕ ਨਾਮ ਲੇਵਾ ਦੀਆਂ ਅਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਵਲੋਂ ਹਰ ਮਹੀਨੇ ਕੀਤੀਆਂ ਅਰਦਾਸਾਂ ਅਤੇ ਵਿਸ਼ੇਸ਼ ਤੌਰ ਤੇ ਨਵਜੋਤ ਸਿੰਘ ਸਿੱਧੂ ਦੀ ਇਸ ਸੰਬੰਧੀ ਨਿਭਾਈ ਗਈ ਅਹਿਮ ਭੂਮਿਕਾ ਨੂੰ ਜਿਥੇ ਬੂਰ ਪਿਆ ਉਥੇ ਇਸ ਨਾਲ ਦੋਹਾਂ ਦੇਸ਼ਾਂ ਦੇ ਅਾਵਾਮ ਵਿਚ ਭਾਈਚਾਰਕ ਸਭਿਆਚਾਰਕ ਅਤੇ ਵਪਾਰਕ ਸਾਂਝ ਦੀ ਇੱਕ ਨਵੀਂ ਉਮੀਦ ਦੀ ਰੋਸ਼ਨੀ ਦੀ ਕਿਰਨ ਪੈਦਾ ਹੋਵੇਗੀ । ਇਕੱਤਰਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੇ ਗ੍ਰਹਿ ਮੰਤਰੀ ਸ੍ਰੀ ਰਾਜ ਨਾਥ ਸਿੰਘ ਵਲੋਂ ਆਪਣੇ ਬਿਆਨਾਂ ਰਾਹੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਆਈਐੱਸਆਈ ਦਾ ਹੱਥ ਹੋਣ ਦਾ ਅਵਾਮ ਵਿਚ ਖਦਸ਼ਾ ਪੈਦਾ ਕਰਕੇ ਇਸ ਲਾਂਘੇ ਨੂੰ ਤਾਰਪੀਡੋ ਕਰਨ ਦੀ ਕੋਝੀ ਚਾਲ ਦੀ ਘੋਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਇਹਨਾਂ ਆਗੂਆਂ ਨੂੰ ਅਪੀਲ ਕਰਦੀ ਹੈ ਕਿ ਉਹ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ ।

ਮਤਾ ਨੰਬਰ 4 : ਇਕੱਤਰਤਾ ਕਾਂਗਰਸ ਦੀ ਕੈਪਟਨ ਸਰਕਾਰ ਵਲੋਂ ਪੰਚਾਇਤੀ ਚੋਣਾਂ ਵਿੱਚ ਅੰਨੀ ਸਰਕਾਰੀ ਦਖਲਅੰਦਾਜ਼ੀ , ਬੇਨਿਯਮੀਆਂ ਤੇ ਧੱਕੇਸ਼ਾਹੀ ਕਰਕੇ ਆਜ਼ਦਾਨਾ ਅਤੇ ਨਿਰਪੱਖ ਚੋਣਾਂ ਦੇ ਕਰਾਉਣ ਦੇ ਮਾਹੋਲ ਨੂੰ ਗੰਧਲਾ ਕਰਨ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ।

ਮਤਾ ਨੰਬਰ : 5 ਅੱਜ ਦੀ ਇਕੱਤਰਤਾ ਕੇਂਦਰੀ ਗ੍ਰਹਿ ਮੰਤਰਾਲੇ ਪਾਸੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕਰਦੀ ਹੈ ਕਿ ਉਹ ਤੁਰੰਤ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਦੀ ਨਿਯੁਕਤੀ ਕਰਕੇ ਮਿਆਦ ਪੁੱਗ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤਰੰਤ ਚੋਣਾਂ ਕਰਾਵੇ।