ਗੁਰਮੀਤ ਸੰਧੂ, ਅੰਮ੍ਰਿਤਸਰ : ਵਿਦਿਆਰਥੀ ਜਥੇਬੰਦੀ ਸੱਥ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੇ ਹੱਕ ਵਿੱਚ ਮਾਰਚ ਕੱਢਿਆ। ਇਹ ਮਾਰਚ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਕੈਂਪਸ ਦੇ ਮੁੱਖ ਗੇਟ ’ਤੇ ਸਮਾਪਤ ਹੋਇਆ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵਿਦਿਆਰਥੀ ਕੇਸਰੀ ਦਸਤਾਰਾਂ ਅਤੇ ਦੁਪੱਟੇ ਲੈ ਕੇ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਚੱਲੇ। ਵਿਦਿਆਰਥੀਆਂ ਨੇ ਸਿੱਖ ਰਾਜਨੀਤਿਕ ਕੈਦੀਆਂ ਦੀਆਂ ਫੋਟੋਆਂ ਦੇ ਨਾਲ ਨਾਲ ਉਨ੍ਹਾਂ ਦੇ ਕੈਦ ਕਾਰਜਕਾਲ ਦੇ ਵੇਰਵੇ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਵਿਦਿਆਰਥੀਆਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਦੋ ਹਜ਼ਾਰ ਤੋਂ ਵੱਧ ਅਰਜ਼ੀਆਂ ਭੇਜ ਕੇ ਮੰਗਾਂ 'ਤੇ ਫੌਰੀ ਗੌਰ ਕਰਨ ਦੀ ਵੀ ਕੀਤੀ ਮੰਗ। ਵਿਦਿਆਰਥੀ ਜਥੇਬੰਦੀ ਸੱਥ ਨੇ ਦਹਾਕਿਆਂ ਤੋਂ ਜੇਲ੍ਹਾਂ ਕੱਟ ਚੁੱਕੇ ਭਾਈ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਗੁਰਮੀਤ ਸਿੰਘ ਇੰਜੀਨੀਅਰ, ਗੁਰਦੀਪ ਸਿੰਘ ਖਹਿਰਾ, ਬਲਵੰਤ ਸਿੰਘ ਰਾਜੋਆਣਾ, ਦਵਿੰਦਰਪਾਲ ਸਿੰਘ ਭੁੱਲਰ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਆਦਿ ਦੀ ਰਿਹਾਈ ਦੀ ਮੰਗ ਕੀਤੀ।

ਇਕੱਠ ਵਲੋਂ ਸਕਾਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਜੋ 2017 ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਦੇ ਦਿਨ ਤੋਂ ਲੈ ਕੇ ਹੁਣ ਤੱਕ ਜਾਂਚ ਏਜੰਸੀਆਂ ਜਗਤਾਰ ਜੌਹਲ ਖ਼ਿਲਾਫ਼ ਅਦਾਲਤ ਵਿੱਚ ਕੋਈ ਵੀ ਦੋਸ਼ ਸਾਬਤ ਕਰਨ ਵਿੱਚ ਨਾਕਾਮ ਰਹੀਆਂ ਹਨ। ਮਾਰਚ ਨੂੰ ਸੰਬੋਧਨ ਕਰਦਿਆਂ ਜੁਝਾਰ ਸਿੰਘ ਨੇ ਕਿਹਾ ਕਿ ਦੋ ਵੱਖ ਵੱਖ ਸਮਾਨਾਂਤਰ ਨਿਆਂ ਪ੍ਰਣਾਲੀਆਂ ਹਨ, ਜਿਸ ਵਿੱਚ ਬਹੁਗਿਣਤੀ ਭਾਈਚਾਰਾ ਹਰ ਖੇਤਰ ਵਿੱਚ ਨਿਆਂ ਦਾ ਆਨੰਦ ਮਾਣ ਰਿਹਾ ਹੈ, ਜਦਕਿ ਘੱਟ ਗਿਣਤੀ ਰਾਜ ਦੀਆਂ ਵੱਖ-ਵੱਖ ਸੰਸਥਾਵਾਂ ਹੱਥੋਂ ਦੁਖੀ ਹੈ। ਇਸ ਦੇਸ਼ ਵਿੱਚ ਸਿੱਖਾਂ ਲਈ ਕੋਈ ਇਨਸਾਫ਼ ਨਹੀਂ ਹੈ। ਸਿੱਖ ਸਿਆਸੀ ਕੈਦੀ ਅਪਰਾਧੀ ਨਹੀਂ ਹਨ ਅਤੇ ਨਾ ਹੀ ਉਹ ਆਪਣੇ ਨਿੱਜੀ ਮੁਫਾਦਾਂ ਲਈ ਲੜੇ ਹਨ, ਉਨ੍ਹਾਂ ਨੇ ਸਿੱਖ ਕੌਮ ਦੇ ਸਾਂਝੇ ਹਿੱਤਾਂ ਲਈ ਸੰਘਰਸ਼ ਕੀਤਾ ਹੈ।

ਸੱਥ ਦੇ ਮੈਂਬਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਦੇਸ਼ ਦੀ ਨਿਆਂ ਪ੍ਰਣਾਲੀ ਜਬਰ ਜਨਾਹ, ਕਾਤਲਾਂ, ਕਤਲੇਆਮ ਦੇ ਦੋਸ਼ੀਆਂ ਪ੍ਰਤੀ ਨਰਮ ਹੈ। ਸੱਤਾਧਾਰੀ ਸਰਕਾਰ ਦੇ ਬਹੁਤ ਸਾਰੇ ਸੰਸਦ ਮੈਂਬਰ ਕਤਲੇਆਮ, ਬੰਬ ਧਮਾਕਿਆਂ ਵਿੱਚ ਸ਼ਾਮਲ ਸਨ, ਸਰਕਾਰ ਦੇ ਸਮਰਥਕ ਜਿਵੇਂ ਕਿ ਡੇਰਾ ਸਿਰਸਾ ਮੁਖੀ ਅਕਸਰ ਪੈਰੋਲ ਦਾ ਆਨੰਦ ਮਾਣ ਰਹੇ ਹਨ ਜਦਕਿ ਦੂਜੇ ਪਾਸੇ ਸਿੱਖ ਸਿਆਸੀ ਕੈਦੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਸਕਾਰ ਲਈ ਪੈਰੋਲ ਨਹੀਂ ਦਿੱਤੀ ਗਈ। ਵਿਦਿਆਰਥੀ ਸੰਗਠਨ ਸੱਥ ਵੱਲੋਂ ਕੱਢੇ ਗਏ ਮਾਰਚ ਨੇ ਮੁਹਾਲੀ ਦੇ ਵਾਈਪੀਐੱਸ ਚੌਕ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦਾ ਸਮਰਥਨ ਕੀਤਾ। ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਐੱਨਐੱਸਯੂਆਈ ਦੇ ਵਿਦਿਆਰਥੀ ਆਗੂ ਵੀ ਮਾਰਚ ਵਿੱਚ ਸ਼ਾਮਲ ਹੋਏ।ਇਸ ਦੌਰਾਨ ਵਿਦਿਆਰਥੀ ਆਗੂ ਜੁਗਰਾਜ ਸਿੰਘ, ਗੁਰਵਿੰਦਰ ਸਿੰਘ, ਜੈਵੀਰ ਸਿੰਘ ਹੁੰਦਲ ਤੇ ਰਿਪੂਦਮਨ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Posted By: Jagjit Singh