ਗੁਰਬਰਿੰਦਰ ਸਿੰਘ, ਫਤਿਆਬਾਦ: ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਗੋਇੰਦਵਾਲ ਸਾਹਿਬ ਵਾਸੀ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਸ਼ਹਾਦਤ ਨੂੰ ਸੂਬਾ ਸਰਕਾਰ ਨੇ ਡੇਢ ਮਹੀਨੇ ਬਾਅਦ ਹੀ ਸ਼ਾਇਦ ਵਿਸਾਰ ਦਿੱਤਾ ਹੈ। ਸ਼ਹੀਦ ਰਾਜਵਿੰਦਰ ਸਿੰਘ, ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ਵਿਚ ਪਾਕਿ ਫੌਜੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਿਆ ਸੀ। ਉਸ ਦੀ ਸ਼ਹਾਦਤ 'ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਦੀ ਸਹਾਇਤਾ ਰਕਮ ਦੇ ਨਾਲ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਪਰ ਡੇਢ ਮਹੀਨਾ ਬੀਤਣ ਤੋਂ ਬਾਅਦ ਵੀ ਮਦਦ ਨਸੀਬ ਨਹੀਂ ਹੋਈ।

ਇਸ ਦੌਰਾਨ ਸ਼ਹੀਦ ਦੀ ਮਾਂ ਬਲਵਿੰਦਰ ਕੌਰ ਵੀ ਰੱਬ ਨੂੰ ਪਿਆਰੀ ਹੋ ਗਈ ਹੈ। ਸ਼ਹੀਦ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ, ''ਪਤੀ ਦੀ ਸ਼ਹਾਦਤ ਮਗਰੋਂ ਹੁਣ ਮਾਂ ਵਰਗੀ ਸੱਸ ਵੀ ਨਹੀਂ ਰਹੀ। ਪਤੀ ਦੀ ਸ਼ਹਾਦਤ ਮਗਰੋਂ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਨਾ ਸੂਬਾ ਸਰਕਾਰ ਦੇ ਵਾਅਦੇ ਵਫ਼ਾ ਹੋਏ ਹਨ।''

ਜਲਦੀ ਮਿਲੇਗੀ ਐਲਾਨੀ ਰਕਮ : ਡੀਸੀ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਰਾਜਵਿੰਦਰ ਸਿੰਘ ਦੇ ਪਰਿਵਾਰ ਲਈ ਐਲਾਨੀ ਰਕਮ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਕਵਾਇਦ ਜਾਰੀ ਹੈ। ਜਲਦੀ ਇਸ 'ਤੇ ਅਮਲ ਹੋਵੇਗਾ।