ਵਿਆਹ ਤੋਂ ਪਰਤੇ ਬੰਦੇ ਨੇ ਖ਼ੁਦ ਨੂੰ ਮਾਰੀ ਗੋਲ਼ੀ, ਛੁਡਾਉਂਦਾ ਪੁੱਤ ਵੀ ਹੋਇਆ ਜ਼ਖ਼ਮੀ, ਪਤਨੀ ਨੇ ਦੱਸੀ ਵਜ੍ਹਾ
ਜਾਂਚ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਤਰਤਾਰਨ ਦੇ ਗੁਰੂ ਕਾ ਖੂਹ ਵਾਸੀ ਪਰਮਜੀਤ ਕੌਰ ਮੁਤਾਬਕ ਉਹ ਆਪਣੇ ਪਤੀ ਗੁਰਪ੍ਰੀਤ ਸਿੰਘ, ਪੁੱਤਰ ਅੰਮ੍ਰਿਤਪਾਲ ਸਿੰਘ ਤੇ ਧੀ ਸਿਮਰਨਪ੍ਰੀਤ ਕੌਰ ਨਾਲ ਏਅਰਪੋਰਟ ਰੋਡ ’ਤੇ ਇੱਕ ਰਿਜ਼ੋਰਟ ’ਚ ਵਿਆਹ ’ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ।
Publish Date: Sun, 07 Dec 2025 10:15 AM (IST)
Updated Date: Sun, 07 Dec 2025 10:23 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਵਿਆਹ ਸਮਾਗਮ ਤੋਂ ਪਰਿਵਾਰ ਸਮੇਤ ਘਰ ਪਰਤ ਰਹੇ ਇਕ ਵਿਅਕਤੀ ਨੇ ਵੇਰਕਾ ਪੁਲ ’ਤੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਸ ਦੇ ਪੁੱਤਰ ਦੀ ਬਾਂਹ ’ਚ ਵੀ ਗੋਲ਼ੀ ਲੱਗ ਗਈ। ਸੂਚਨਾ ਮਿਲਣ ’ਤੇ ਵੇਰਕਾ ਪੁਲਿਸ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (37) ਪੁੱਤਰ ਅਮਰ ਸਿੰਘ ਵਜੋਂ ਹੋਈ ਹੈ ਤੇ ਜ਼ਖਮੀ ਦੀ ਪਛਾਣ ਅੰਮ੍ਰਿਤਪਾਲ ਸਿੰਘ (19) ਵਜੋਂ ਹੋਈ ਹੈ।
ਜਾਂਚ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਤਰਤਾਰਨ ਦੇ ਗੁਰੂ ਕਾ ਖੂਹ ਵਾਸੀ ਪਰਮਜੀਤ ਕੌਰ ਮੁਤਾਬਕ ਉਹ ਆਪਣੇ ਪਤੀ ਗੁਰਪ੍ਰੀਤ ਸਿੰਘ, ਪੁੱਤਰ ਅੰਮ੍ਰਿਤਪਾਲ ਸਿੰਘ ਤੇ ਧੀ ਸਿਮਰਨਪ੍ਰੀਤ ਕੌਰ ਨਾਲ ਏਅਰਪੋਰਟ ਰੋਡ ’ਤੇ ਇੱਕ ਰਿਜ਼ੋਰਟ ’ਚ ਵਿਆਹ ’ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ। ਕਾਰ ਅੰਮ੍ਰਿਤਪਾਲ ਚਲਾ ਰਿਹਾ ਸੀ। ਕਿਸੇ ਰਿਸ਼ਤੇਦਾਰ ਦੀ ਉਡੀਕ ਲਈ ਉਹ ਵੇਰਕਾ ਮਿਲਕ ਪਲਾਂਟ ਪੁਲ ’ਤੇ ਰੁਕੇ ਸਨ। ਪਰਮਜੀਤ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਡਿਪ੍ਰੈਸ਼ਨ ਤੋਂ ਪੀੜਤ ਸਨ ਤੇ ਇਸ ਦੀ ਦਵਾਈ ਲੈਂਦੇ ਸਨ। ਵਿਆਹ ’ਚ ਉਨ੍ਹਾਂ ਸ਼ਰਾਬ ਪੀਤੀ ਸੀ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਨਾਲ ਮਾਮੂਲੀ ਝਗੜਾ ਹੋਇਆ ਸੀ। ਗੁੱਸੇ ’ਚ ਆ ਕੇ ਗੁਰਪ੍ਰੀਤ ਸਿੰਘ ਨੇ ਆਪਣਾ ਲਾਇਸੈਂਸੀ ਰਿਵਾਲਵਰ ਕੱਢ ਲਿਆ। ਅੰਮ੍ਰਿਤਪਾਲ ਨੇ ਆਪਣੇ ਪਿਤਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਗੁਰਪ੍ਰੀਤ ਨੇ ਗੋਲ਼ੀ ਚਲਾ ਦਿੱਤੀ, ਜਿਹੜੀ ਉਸ ਦੀ ਸੱਜੀ ਬਾਂਹ ’ਚ ਲੱਗੀ। ਇਸ ਤੋਂ ਬਾਅਦ ਇਕ ਹੋਰ ਗੋਲ਼ੀ ਗੁਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਮਾਰ ਲਈ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅੰਮ੍ਰਿਤਪਾਲ ਸਿੰਘ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।