ਰਮੇਸ਼ ਰਾਮਪੁਰਾ/ਬਲਜੀਤ ਬੱਲ, ਅੰਮਿ੍ਤਸਰ/ਫਤਾਹਪੁਰ

ਭਗਤਾਂਵਾਲਾ ਦੀ ਪ੍ਰਸਿੱਧ ਦਾਣਾ ਮੰਡੀ 'ਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਰਵਾਈ ਗਈ ਮਹਾ ਰੈਲੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਹੋਈ। ਰੈਲੀ ਵਿਚ ਕਿਸਾਨ, ਮਜ਼ਦੂਰ, ਆੜ੍ਹਤੀ, ਪੱਲੇਦਾਰਾਂ ਤੋਂ ਇਲਾਵਾ ਨੌਜਵਾਨਾਂ, ਬੀਬੀਆਂ ਆਦਿ ਨੇ ਟਰਾਲੀ ਟਰੈਕਟਰਾਂ, ਮੋਟਰਸਾਈਕਲਾਂ ਅਤੇ ਬੱਸਾਂ ਰਾਹੀਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਕਿਸਾਨ ਅੰਦੋਲਨ ਵਿਚ ਹੁਣ ਤਕ ਭੇਟ ਚੜ੍ਹਨ ਵਾਲੇ ਕਿਸਾਨਾਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ।

ਹਜ਼ਾਰਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਜਸਵੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਹਰਪ੍ਰਰੀਤ ਸਿੰਘ ਸਿੱਧਵਾਂ, ਬਾਬਾ ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਆਦਿ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨੀ ਵਿਰੁੱਧ ਪਾਸ ਕੀਤੇ ਗਏ ਬਿੱਲਾਂ ਨੂੰ ਰੱਦ ਕਰਵਾਉਣ ਲਈ ਭੜਾਸ ਕੱਢੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਰੈਲੀ ਨੂੰ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਵਰਗ ਨੂੰ ਪੂਰੀ ਤਰ੍ਹਾਂ ਰੋਲ ਦਿੱਤਾ ਹੈ। ਕਿਸਾਨਾਂ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬੁਲੰਦ ਕੀਤੀ ਆਵਾਜ਼ ਅੱਜ ਵੀ ਜਾਰੀ ਹੈ ਅਤੇ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ, ਓਨਾ ਚਿਰ ਤਕ ਕੇਂਦਰ ਸਰਕਾਰ ਵਿਰੁੱੱਧ ਸੰੰਘਰਸ਼ ਜਾਰੀ ਰੱਖੇ ਜਾਣਗੇ। ਉਕਤ ਬੁਲਾਰਿਆਂ ਨੇ ਇਸ ਰੈਲੀ ਦੌਰਾਨ ਐਲਾਨ ਕੀਤਾ ਕਿ ਕਣਕ ਦੀ ਖਰੀਦ ਵਿਚ ਆ ਰਹੀਆਂ ਮੁਸ਼ਕਿਲਾਂ, ਕੋਰੋਨਾ ਦੀ ਆੜ ਵਿਚ ਮੜ੍ਹੀਆਂ ਜਾ ਰਹੀਆਂ ਪਾਬੰਦੀਆਂ ਖਿਲਾਫ ਕਾਂਗਰਸ ਤੇ ਕੇਂਦਰ ਸਰਕਾਰ ਵਿਰੁੱਧ 21 ਤੋਂ 25 ਤੱਕ ਪਿੰਡ ਪੱਧਰੀ ਪੁਤਲੇ ਫੂਕੇ ਜਾਣਗੇ ਅਤੇ 5 ਮਈ ਨੂੰ ਅੰਮਿ੍ਤਸਰ ਤੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ।

ਸਰਵਣ ਸਿੰੰਘ ਪੰਧੇਰ ਨੇ ਕਿਹਾ ਕਿ ਫਸਲਾਂ ਤੇ ਨਸਲਾਂ ਬਚਾਉਣ ਲਈ ਕਿਸਾਨ ਹਰ ਕੁਰਬਾਨੀ ਕਰਨ ਲਈ ਤਿਆਰ ਹਨ। ਪਰਿਵਾਰਾਂ ਸਮੇਤ ਕਿਸਾਨਾਂ ਨੇ ਰੈਲੀ ਨੂੰ ਮਹਾ ਰੈਲੀ ਬਣਾਉਣ ਵਿਚ ਜੋ ਅਹਿਮ ਭੂਮਿਕਾ ਨਿਭਾਈ ਹੈ, ਚੇਤਿਆਂ ਵਿਚ ਵਸਾ ਕੇ ਰੱਖੀ ਜਾਵੇਗੀ। ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ ਨੇ ਸਿੱਧ ਕੀਤਾ ਹੈ ਕਿ ਕਿਸਾਨ ਏਕਤਾ ਮਜ਼ਬੂਤ ਹੀ ਨਹੀਂ, ਮਹਾ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਦੀ ਆੜ ਵਿਚ ਦਿੱਲੀ ਮੋਰਚੇ ਨੂੰ ਜਬਰੀ ਖਾਲੀ ਕਰਵਾਉਣ ਦੇ ਸੁਪਨੇ ਦੇਖ ਰਹੀ ਹੈ ਜੋ ਕਿਸਾਨ, ਮਜ਼ਦੂਰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਬੁਲਾਰਿਆਂ ਨੇ ਮਹਾ ਰੈਲੀ ਦੌਰਾਨ ਮੰਗ ਕੀਤੀ ਕਿ ਕਣਕ ਦੀ ਖਰੀਦ ਬਿਨਾਂ ਸ਼ਰਤ ਨਿਰਵਿਘਨ ਕਰਵਾਈ ਜਾਵੇ, ਜਮ੍ਹਾਂਬੰਦੀ, ਫਰਦ ਲੈਣ ਦੀ ਸ਼ਰਤ ਖਤਮ ਕੀਤੀ ਜਾਵੇ, ਬਾਰਦਾਨੇ ਦੀ ਘਾਟ ਨੂੰ ਤੁਰੰਤ ਪੂਰਾ ਕਰਕੇ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਜਲਦੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਆੜ ਵਿਚ ਕੇਂਦਰ ਸਰਕਾਰ ਸਰਕਾਰੀ ਅਦਾਰਿਆਂ ਨੂੰ ਵੇਚਣ ਦੀਆਂ ਗੋਦਾਂ ਗੁੰਦ ਰਹੀ ਹੈ ਅਤੇ ਲੋਕਾਂ ਨੂੰ ਸ਼ਰ੍ਹੇਆਮ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿਚ ਯੂਪੀ ਬਿਹਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ, ਜਿਸ ਨੂੰ ਪੰਜਾਬੀ ਕਦੇ ਵੀ ਸਫਲ ਨਹੀ ਹੋਣ ਦੇਣਗੇ। ਸਰਕਾਰ ਧਰਮ ਦੇ ਨਾਂ 'ਤੇ ਲੋਕਾਂ ਨੂੰ ਭੜਕਾ ਕੇ ਅੰਦੋਲਨ ਨੂੰ ਢਾਅ ਲਾਉਣ ਦਾ ਕੰਮ ਕਰ ਰਹੀ ਹੈ, ਪਰ ਉਹ ਸਾਰੇ ਧਰਮਾਂ ਦੇ ਲੋਕ ਇਕਮੁੱਠ ਹੋ ਕੇ ਇਸ ਅੰਦੋਲਨ ਨੂੰ ਸਫਲ ਬਣਾਉਣ ਵਿਚ ਮੋਹਰੀ ਰੋਲ ਨਿਭਾਉਣਗੇ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਧਰਮ ਦੀ ਰਾਜਨੀਤੀ ਛੱਡ ਕੇ ਸਹੀ ਮੁੱਦੇ 'ਤੇ ਆਉਣ ਅਤੇ ਕਾਲੇ ਕਾਨੂੰਨ ਰੱਦ ਕਰਨ।

ਜ਼ਿਕਰਯੋਗ ਹੈ ਕਿ ਇਸ ਮਹਾ ਰੈਲੀ ਵਿਚ ਅੌਰਤਾਂ ਦੇ ਵੱਡੇ ਕਾਫਲੇ ਬੱਚਿਆਂ ਸਮੇਤ ਸ਼ਾਮਲ ਹੋਏ। ਪੁਲਿਸ ਪ੍ਰਸ਼ਾਸਨ ਵੱਲੋਂ ਇਸ ਰੈਲੀ ਸਬੰਧੀ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ। ਇਸ ਮੌਕੇ ਹਰਦੀਪ ਸਿੰਘ ਡਿਬਡਿਬਾ, ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ, ਕੁਲਦੀਪ ਸਿੰਘ ਕਾਹਲੋ, ਦਿਲਬਾਗ ਸਿੰਘ, ਰਾਕੇੇਸ਼ ਤੁਲੀ, ਗੁਰਦੇਵ ਸਿੰਘ ਵਰਪਾਲ, ਅਜੀਤ ਸਿੰਘ ਠੱਠੀਆ, ਹਰਬਿੰਦਰ ਸਿੰਘ, ਸੁਖਦੇਵ ਸਿੰਘ ਚਾਟੀਵਿੰਡ ਆਦਿ ਹਾਜ਼ਰ ਸਨ।

ਬਾਕਸ -

ਕਿਸਾਨਾਂ ਨੇ ਹੱਕਾਂ ਖਾਤਰ ਪਾਬੰਦੀ ਦੀ ਨਹੀਂ ਕੀਤੀ ਪ੍ਰਵਾਹ

ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰਰੀਤ ਸਿੰਘ ਖਹਿਰਾ ਵੱਲੋਂ ਬੇਸ਼ੱਕ ਰੈਲੀਆਂ ਅਤੇ ਧਰਨਿਆਂ ਸਬੰਧੀ ਪਾਬੰਦੀ ਦੇ ਹੁਕਮ ਲਾਗੂ ਕੀਤੇ ਹੋਏ ਹਨ ਪਰ ਆਪਣੀਆਂ ਹੱਕੀ ਮੰਗਾਂ ਖਾਤਰ ਜ਼ਿਲ੍ਹੇ ਭਰ ਵਿਚੋਂ ਪਰਿਵਾਰਾਂ ਸਮੇਤ ਪਹੁੰਚੇ ਕਿਸਾਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਇਸ ਮਹਾ ਰੈਲੀ ਵਿਚ ਸ਼ਿਰਕਤ ਕੀਤੀ।

ਬਾਕਸ -

ਜੇਬ ਕਤਰਿਆਂ ਦਾ ਰਿਹਾ ਬੋਲਬਾਲਾ

ਇਸ ਮਹਾ ਰੈਲੀ ਵਿਚ ਹਜ਼ਾਰਾਂ ਕਿਸਾਨਾਂ, ਬੀਬੀਆਂ ਦਾ ਜਿੱਥੇ ਜੱਥਾ ਪੁੱਜਾ, ਉਥੇ ਕਈ ਜੇਬ ਕਤਰੇ ਵੀ ਸਰਗਰਮ ਰਹੇ ਅਤੇ ਕਈ ਕਿਸਾਨਾਂ ਦੀਆ ਜੇਬਾਂ ਕੱਟੀਆਂ ਨਜ਼ਰ ਆਈਆਂ ਅਤੇ 2 ਮੋਬਾਈਲ ਵੀ ਇਕ ਜੇਬ ਕਤਰੇ ਵਲੋਂ ਕੱਢ ਲਏ ਗਏ, ਜਿਸ ਨੂੰ ਕਿ ਕਿਸਾਨਾਂ ਨੇ ਮੌਕੇ 'ਤੇ ਕਾਬੂ ਵੀ ਕੀਤਾ। ਪੁਲਿਸ ਵੱਲੋਂ ਭਾਵਂੇ ਇਸ ਦੌਰਾਨ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਰ ਧੁੱਪ ਤੋਂ ਬਚਣ ਲਈ ਭਗਤਾਂਵਾਲਾ ਸਥਿਤ ਕਈ ਆੜ੍ਹਤੀਆਂ ਦੀਆਂ ਦੁਕਾਨਾਂ ਅੰਦਰ ਪੁਲਿਸ ਮੁਲਾਜ਼ਮ ਆਰਾਮ ਫੁਰਮਾਉਂਦੇ ਨਜ਼ਰ ਆਏ ਅਤੇ ਬਾਹਰ ਜੇਬ ਕਤਰੇ ਆਪਣਾ ਕੰਮ ਕਰਦੇ ਰਹੇ।

ਬਾਕਸ -

ਲੰਗਰ ਦਾ ਰਿਹਾ ਖਾਸ ਪ੍ਰਬੰਧ

ਇਸ ਮਹਾ ਰੈਲੀ ਵਿਚ ਜ਼ਿਲ੍ਹੇ ਭਰ 'ਚੋਂ ਆਉਣ ਵਾਲੇ ਕਿਸਾਨਾਂ ਲਈ ਲੰਗਰ ਦਾ ਖਾਸ ਪ੍ਰਬੰਧ ਵੀ ਰਿਹਾ। ਕਿਸਾਨ, ਬੀਬੀਆਂ ਅਤੇ ਨੌਜਵਾਨ ਲੰਗਰ ਛਕਦੇ ਨਜ਼ਰ ਆਏ ਅਤੇ ਚਾਹ ਅਤੇ ਪਾਣੀ ਦਾ ਆਨੰਦ ਵੀ ਮਾਣਿਆ। ਇਸ ਦੌਰਾਨ ਮੰਚ ਤੋਂ ਕਵੀਸ਼ਰੀ ਜੱਥੇ ਵੱਲੋਂ ਆਏ ਕਿਸਾਨਾਂ ਨੂੰ ਕਵੀਸ਼ਰੀ ਸੁਣਾ ਕੇ ਨਿਹਾਲ ਕੀਤਾ ਗਿਆ।