ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ : ਇਤਿਹਾਸਕ ਪਿੰਡ ਪਹੂਵਿੰਡ ਦੇ ਗੁਰਦੁਆਰਾ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਦੇ ਅੰਦਰ ਆਰਜੀ ਦੁਕਾਨਾਂ ਲਾਉਣ ਵਾਲੇ ਪਿੰਡ ਦੇ ਪਰਿਵਾਰਾਂ ਕੋਲੋਂ ਠੇਕੇਦਾਰ ਵੱਲੋਂ ਹਫਤਾਵਾਰੀ ਪੈਸੇ ਵਸੂਲਣ 'ਤੇ ਉਨ੍ਹਾਂ ਨੇ ਧਰਨਾ ਲਗਾ ਦਿੱਤਾ। ਇੰਨ੍ਹਾਂ ਪਰਿਵਾਰਾਂ ਨਾਲ ਸਬੰਧਤ ਬਲਦੇਵ ਸਿੰਘ, ਅਰਸ਼ਦੀਪ ਸਿੰਘ, ਸਾਬਕਾ ਪੰਚ ਬਲਬੀਰ ਕੌਰ, ਰਾਜ ਕੌਰ, ਗੁਰਮੀਤ ਕੌਰ, ਸੁਰਜੀਤ ਕੌਰ ਆਦਿ ਸਮੇਤ ਅਣਗਿਣਤ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਦਰਵਾਜੇ ਨੂੰ ਬੰਦ ਕਰਕੇ ਪ੍ਰਬੰਧਕ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਪ੍ਰਦਰਸ਼ਨ ਕਈ ਘੰਟੇ ਜਾਰੀ ਰਹਿਣ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਜਾਣਕਾਰੀ ਦਿੰਦਿਆਂ ਬਲਦੇਵ ਸਿੰਘ, ਪੰਚ ਬਲਵੀਰ ਕੌਰ, ਅਰਸ਼ਦੀਪ ਸਿੰਘ ਨੇ ਕਿਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਬਾਹਰਲੇ ਵਿਅਕਤੀ ਨੂੰ ਅੰਦਰ ਦੁਕਾਨਾਂ ਲਾਉਣ ਦਾ ਠੇਕਾ ਦਿੱਤਾ ਗਿਆ ਹੈ। ਉਕਤ ਠੇਕੇਦਾਰ ਗਰੀਬ ਦੁਕਾਨਦਾਰਾਂ ਪਾਸੋਂ ਜਬਰੀ ਹਫਤਾ ਵਸੂਲ ਰਿਹਾ ਹੈ। ਜੇਕਰ ਕੋਈ ਦੁਕਾਨਦਾਰ ਵਿਰੋਧ ਕਰਦਾ ਤਾਂ ਉਸ ਨੂੰ ਸਾਮਾਨ ਚੁੱਕਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਗੁਰਦੁਆਰਾ ਸਾਹਿਬ ਤੋਂ ਪਾਣੀ ਲਿਜਾਣਾ ਵੀ ਬੰਦ ਕੀਤਾ ਹੋਇਆ ਹੈ। ਅਰਸ਼ਦੀਪ ਸਿੰਘ ਨੇ ਕਿਹਾ ਗੁਰਦੁਆਰਾ ਸਾਹਿਬ ਦੇ ਨੇੜੇ ਬਣੀ ਗਰਾਉਂਡ ਵਿਚ ਰੋਜਾਨਾ ਸੈਂਕੜੇ ਨੌਜਵਾਨ ਦੌੜ ਦੀ ਪ੍ਰਰੈਕਟਿਸ ਕਰਦੇ ਹਨ ਪਰ ਪ੍ਰਬੰਧਕ ਕਮੇਟੀ ਵੱਲੋਂ ਗਰਾਊਂਡ ਦਾ ਦਰਵਾਜਾ ਬੰਦ ਕਰ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਕੰਧਾਂ ਟੱਪਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸ਼ਾਮ ਨੂੰ ਮੌਕੇ ਪਹੁੰਚੇ ਏਐੱਸਆਈ ਚਰਨਜੀਤ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦਿਆਂ ਗੁਰਦੁਆਰਾ ਸਾਹਿਬ ਦਾ ਦਰਵਾਜਾ ਖੁੱਲ੍ਹਵਾਇਆ ਤੇ ਵਿਸ਼ਵਾਸ ਦਿਵਾਇਆ ਕਿ ਪ੍ਰਬੰਧਕ ਕਮੇਟੀ ਮੀਟਿੰਗ ਕਰਕੇ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ।

ਜਦੋਂ ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੈਪਟਨ ਬਲਵੰਤ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਲਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਾ ਤਾਂ ਕਿਸੇ ਪਾਣੀ ਲੈਣ ਤੋਂ ਰੋਕਿਆ ਗਿਆ ਹੈ ਤੇ ਨਾ ਹੀ ਕਿਸੇ ਦੁਕਾਨਦਾਰ ਪਾਸੋਂ ਪੈਸਿਆਂ ਦੀ ਮੰਗ ਕੀਤੀ ਗਈ ਹੈ। ਜਦਕਿ ਬੰਦ ਦਰਵਾਜਿਆਂ ਸਬੰਧੀ ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬ ਵਿਖੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ ਇਸ ਪਾਸੇ ਦੇ ਦਰਵਾਜੇ ਬੰਦ ਕੀਤੇ ਗਏ ਹਨ।