ਜਸਪਾਲ ਸਿੰਘ ਜੱਸੀ, ਤਰਨਤਾਰਨ : ਸੜਕ ਹਾਦਸਿਆਂ ਵਿਚ ਕਮੀ ਲਿਆਉਣ ਲਈ ਤਰਨਤਾਰਨ ਜ਼ਿਲ੍ਹੇ ਦੀ ਟ੍ਰੈਫਿਕ ਪੁਲਿਸ ਸਭ ਤੋਂ ਪਹਿਲਾਂ ਤੇਜ਼ ਰਫਤਾਰੀ ਨੂੰ ਰੋਕੇਗੀ। ਇਸ ਲਈ ਜਿਥੇ ਕੌਮੀ ਸ਼ਾਹ ਰਾਹ 54 'ਤੇ ਰਫਤਾਰ ਫੜ੍ਹਨ ਵਾਲਾ ਰਡਾਰ ਲਗਾ ਕੇ ਤੇਜ਼ ਰਫ਼ਤਾਰ ਵਾਹਨਾਂ ਨੂੰ ਰੋਕ ਕੇ ਅਜਿਹਾ ਨਾ ਕਰਨ ਲਈ ਜਾਗਰੂਕ ਕੀਤਾ ਜਾਵੇਗਾ। ਉਥੇ ਹੀ ਬਾਅਦ 'ਚ ਨਿਯਮ ਤੋੜਨ ਵਾਲਿਆਂ 'ਤੇ ਕਾਰਵਾਈ ਕਰਨ ਦੀ ਵੀ ਪੁਲਿਸ ਨੇ ਤਿਆਰੀ ਕਰ ਲਈ ਹੈ।

ਸੋਮਵਾਰ ਤਰਨਤਾਰਨ ਜ਼ਿਲ੍ਹੇ ਚੋਂ ਲੰਘਦੇ ਸ਼ਾਹ ਮਾਰਗ 'ਤੇ ਵਾਹਨਾਂ ਦੀ ਰਫਤਾਰ ਨਾਪਣ ਵਾਲੇ ਰਡਾਰ ਨੂੰ ਸਥਾਪਿਤ ਕਰਨ ਮੌਕੇ ਐੱਸਪੀ ਟ੍ਰੈਫਿਕ ਬਲਜੀਤ ਸਿੰਘ ਿਢੱਲੋਂ ਨੇ ਦੱਸਿਆ ਪੰਜਾਬ 'ਚ ਸੜਕੀ ਹਾਦਸੇ ਕਾਫੀ ਵੱਧ ਗਏ ਹਨ ਤੇ ਜਿਆਦਾਤਰ ਹਾਦਸੇ ਤੇਜ਼ ਰਫਤਾਰ ਕਾਰਨ ਵਾਪਰਦੇ ਹਨ। ਤਰਨਤਾਰਨ ਪੁਲਿਸ ਨੇ ਰਫਤਾਰ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਏਡੀਜੀਪੀ ਟ੍ਰੈਫਿਕ ਦੇ ਆਦੇਸ਼ਾਂ ਤੇ ਐੱਸਐੱਸਪੀ ਧਰਮੂਨ ਐੱਚ ਨਿੰਬਲੇ ਦੇ ਨਿਰਦੇਸ਼ਾਂ 'ਤੇ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਹਾਈਵੇ 'ਤੇ ਸਪੀਡ ਕੈਮਰਾ ਲਾ ਕੇ ਫਿਲਹਾਲ ਉਸਦਾ ਟਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ। ਜੋ ਪਹਿਲੀ ਤੋਂ 15 ਮਾਰਚ ਤਕ ਚਲਾਇਆ ਜਾਵੇਗਾ ਤੇ ਇਸ ਦੌਰਾਨ ਰਡਾਰ ਰਾਹੀਂ ਤੇਜ ਰਫਤਾਰ ਵਾਹਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਰੋਕਿਆ ਜਾਵੇਗਾ ਤੇ ਰਫਤਾਰ ਨੂੰ ਨਿਯੰਤਰਣ ਵਿਚ ਰੱਖਣ ਪ੍ਰਤੀ ਜਾਗਰੂਕ ਕੀਤਾ ਜਾਵੇਗਾ, ਤਾਂ ਜੋ ਰਫਤਾਰ ਦੀ ਭੇਟ ਚੜ੍ਹ ਰਹੀਆਂ ਇਨਸਾਨੀ ਜਿੰਦਗੀਆਂ ਨੂੰ ਬਚਾਇਆ ਜਾ ਸਕੇ।

ਉਨ੍ਹਾਂ ਦੱਸਿਆ ਹਾਈਵੇ 'ਤੇ ਵਾਹਨ ਦੀ ਰਫਤਾਰ ਸੀਮਾ 80 ਕਿਲੋਮੀਟਰ ਪ੍ਰਤੀ ਘੰਟਾ ਤਕ ਹੋਵੇ ਤੇ ਪੁਲਾਂ ਉੱਪਰ ਇਹ ਸੀਮਾ 50 ਹੋਵੇਗੀ। 15 ਦਿਨ ਦੇ ਟਰਾਇਲ ਦੌਰਾਨ ਸਕੂਲਾਂ, ਕਾਲਜਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜਨਤਾ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। 15 ਦਿਨਾਂ ਬਾਅਦ ਜੇਕਰ ਕੋਈ ਤੈਅ ਰਫਤਾਰ ਤੋਂ ਜਿਆਦਾ ਤੇਜ਼ ਚੱਲਦਾ ਵਾਹਨ ਮਿਲਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਪ੍ਰਤੀ ਜਾਗਰੂਕ ਹੋ ਕੇ ਆਪਣੀ ਤੇ ਹੋਰਾਂ ਦੀ ਜਾਨ ਸੁਰੱਖਿਅਤ ਰੱਖਣ 'ਚ ਪੁਲਿਸ ਦਾ ਸਹਿਯੋਗ ਦੇਣ। ਇਸ ਮੌਕੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਤੋਂ ਇਲਾਵਾ ਹੋਰ ਕਰਮਚਾਰੀ ਵੀ ਮੌਜੂਦ ਸਨ।